ਪੰਜਾਬ ਕਾਂਗਰਸ ਲਈ ਮੁਸੀਬਤ CM ਚਰਨਜੀਤ ਚੰਨੀ ਦੇ ਭਰਾ ਨੇ ਪਾਤਾ ਵਖਤ

Tags

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸ਼ੁਰੂ ਹੋਇਆ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਪਾਰਟੀ ਨੂੰ ਬਾਗੀ ਤੇਵਰ ਵਿਖਾਏ ਹਨ। ਦਰਅਸਲ ਮੁੱਖ ਮੰਤਰੀ ਦੇ ਭਰਾ ਡਾ. ਮਨੋਹਰ ਸਿੰਘ ਬੱਸੀ ਪਠਾਣਾ ਸੀਟ ’ਤੇ ਦਾਅਵੇਦਾਰੀ ਜਤਾ ਰਹੇ ਸਨ ਪਰ ਕਾਂਗਰਸ ਹਾਈਕਮਾਨ ਨੇ ਇਸ ਸੀਟ ’ਤੇ ਗੁਰਪ੍ਰੀਤ ਸਿੰਘ ਜੀ. ਪੀ. ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਸੀ ਪਠਾਣਾ ਵਿਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੋਈ ਹੈ, ਇਸ ਲਈ ਲੋਕ ਅੱਜ ਉਨ੍ਹਾਂ ਨੂੰ ਆਪਣਾ ਸਹਿਯੋਗ ਅਤੇ ਸਮਰਥਨ ਦੇ ਰਹੇ ਹਨ। ਉਨ੍ਹਾਂ ਗੱਲਾਂ-ਗੱਲਾਂ ਵਿਚ ਇਹ ਵੀ ਸੰਕੇਤ ਦਿੱਤਾ ਕਿ ਉਹ ਕਿਸਾਨ ਮੋਰਚਾ ਵੱਲ ਵੀ ਆਪਣਾ ਰੁਖ ਕਰ ਸਕਦੇ ਹਨ।

ਬੱਸੀ ਪਠਾਣਾ ਵਿਚ ਅੱਜ ਇਨ੍ਹਾਂ ਬਦਲੇ ਸਮੀਕਰਨਾਂ ਦੇ ਕਾਰਨ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਰਾਜਨੀਤੀ ਪੂਰੀ ਤਰ੍ਹਾ ਗਰਮਾਈ ਰਹੀ। ਡਾ. ਮਨੋਹਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਵੀ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦੇ ਨਾਲ ਆਜ਼ਾਦ ਤੌਰ ’ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਸ ਵਾਰ ਵੀ ਉਹ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਕੇ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਸੈਂਕੜੇ ਦੀ ਗਿਣਤੀ ਵਿਚ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਲਈ ਬੱਸੀ ਪਠਾਣਾ ਤੋਂ ਚੋਣ ਲੜਕੇ ਆਪਣੇ ਵਿਰੋਧੀਆਂ ਨੂੰ ਹਰਾਉਣਗੇ। ਡਾ. ਮਨੋਹਰ ਨੇ ਇਹ ਵੀ ਕਿਹਾ ਕਿ ਜੇਕਰ ਬਾਹਰੀ ਹਲਕੇ ਤੋਂ ਕੋਈ ਵੀ ਵਰਕਰ ਜਾਂ ਨੇਤਾ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ, ਉਨ੍ਹਾਂ ਦਾ ਹਿਸਾਬ ਕਿਤਾਬ ਵੀ ਬਰਾਬਰ ਕੀਤਾ ਜਾਵੇਗਾ।

ਬੱਸੀ ਪਠਾਣਾਂ ਪਹੁੰਚੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਉਹ ਲਗਭਗ ਦੋ ਢਾਈ ਸਾਲ ਤੋਂ ਹਲਕੇ ਵਿਚ ਵਿਚਰ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਲੋਕਾਂ ਦੀ ਆਵਾਜ਼ ਨੂੰ ਦਰਕਿਨਾਰ ਕਰਦੇ ਹੋਏ ਜੀ. ਪੀ. ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਬੱਸੀ ਪਠਾਣਾਂ ਨੂੰ ਕਮਜ਼ੋਰ ਵਿਧਾਇਕ ਨਹੀ ਸਗੋਂ ਤਾਕਤਵਰ, ਪੜ੍ਹਿਆ-ਲਿਖਿਆ ਤੇ ਲੋਕਾਂ ਦੀ ਆਵਾਜ਼ ਬਣਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਤੌਰ ’ਤੇ ਚੋਣ ਲੜਨ ਦੇ ਫ਼ੈਸਲੇ ’ਤੇ ਉਹ ਵੱਡੇ ਭਰਾ ਚਰਨਜੀਤ ਚੰਨੀ ਨਾਲ ਵੀ ਗੱਲਬਾਤ ਕਰਨਗੇ ਅਤੇ ਜਿੱਥੇ ਲੋੜ ਪਵੇਗੀ ਉਹ ਵੱਡੇ ਭਰਾ ਦਾ ਸਾਥ ਦੇਣਗੇ।