CM ਛੱਡ PM ਕੁਰਸੀ ਨੂੰ ਪਾਇਆ ਕਿਸਾਨਾਂ ਨੇ ਹੱਥ! ਕਿਸਾਨ ਆਗੂ ਰਾਜੇਵਾਲ ਨੇ ਕੀਤਾ ਵੱਡਾ ਐਲਾਨ!

Tags

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਿਆਸਤ ਵਿਚ ਆਉਣ ਦੀਆਂ ਚਰਚਾਵਾਂ ਨੂੰ ਅਫਵਾਹਾਂ ਦੱਸਿਆ ਹੈ। ਰਾਜੇਵਾਲ ਨੇ ਕਿਹਾ ਹੈ ਕਿ ਨਾ ਤਾਂ ਮੇਰੀ ਕਿਸੇ ਪਾਰਟੀ ਨਾਲ ਕੋਈ ਗੱਲ ਹੋਈ ਹੈ ਅਤੇ ਨਾ ਹੀ ਮੇਰੇ ਨਾਲ ਕਿਸੇ ਨੇ ਸੰਪਰਕ ਕੀਤਾ ਹੈ। ਹਰ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਸਲਾਹ ਨਾਲ ਲਿਆ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ 2017 ਵਿਚ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਜੇਕਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾਵੇਗਾ ਤਾਂ ਇਸ ਦਾ ਕਿਸਾਨ ਸਖ਼ਤ ਵਿਰੋਧ ਕਰਨਗੇ ਪਰ ਇਸ ਦੇ ਬਾਵਜੂਦ ਇਹ ਤਿੰਨ ਕਾਨੂੰਨ ਕਿਸਾਨਾਂ ਸਿਰ ਮੜ੍ਹ ਦਿੱਤੇ ਗਏ।

ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਅਜੇ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਇਹ ਸਿਰਫ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਇਸ ਨਾਲ ਹੋਰ ਵੀ ਮੰਗਾਂ ਜੁੜਦੀਆਂ ਗਈਆਂ, ਇਹ ਮੰਗਾਂ ਸਿਰਫ ਪੰਜਾਬ ਜਾਂ ਹਰਿਆਣਾ ਦੀਆਂ ਨਹੀਂ ਹਨ ਸਗੋਂ ਪੂਰੇ ਦੇਸ਼ ਦੀਆਂ ਹਨ। ਐੱਮ. ਐੱਸ. ਪੀ. ਦੀ ਲੜਾਈ ਇਸ ਲਈ ਲੜਨੀ ਪੈ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਐੱਫ. ਸੀ. ਆਈ. ਵਧਾ ਰਹੀ ਹੈ। ਕੇਂਦਰ ਅਜੀਬ-ਅਜੀਬ ਫ਼ੈਸਲੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲ ਪੁਰਖ ਅਤੇ ਲੋਕਾਂ ਦੇ ਸਹਿਯੋਗ ਨਾਲ ਮੋਰਚੇ ਨੂੰ ਜਿੱਤ ਮਿਲੀ ਹੈ।

ਖੇਤੀ ਕਾਨੂੰਨ ਕੇਂਦਰ ਨੇ ਗੈਰ ਸੰਵਿਧਾਨਕ ਢੰਗ ਨਾਲ ਬਣਾਏ ਸਨ, ਜਿਸ ਕਾਰਨ ਉਸ ਨੂੰ ਆਖਰ ਆਪਣਾ ਫ਼ੈਸਲਾ ਵਾਪਸ ਲੈਣ ਪਿਆ। ਪ੍ਰਧਾਨ ਮੰਤਰੀ ਦਾ ਰਵੱਈਆ ਵੀ ਤਾਨਾਸ਼ਾਹ ਵਾਲਾ ਰਿਹਾ, ਲੋਕਾਂ ਦੇ ਨੁਮਾਇੰਦੇ ਕਦੇ ਵੀ ਅਜਿਹਾ ਵਤੀਰਾ ਨਹੀਂ ਕਰਦੇ ਹਨ। ਸਰਕਾਰ ਨੇ ਕਦੇ ਸਾਨੂੰ ਗਰਮ ਖਿਆਲੀ ਅਤੇ ਕਦੇ ਖਾਲਿਸਤਾਨੀ ਦੱਸਿਆ ਪਰ ਅਖੀਰ ਵਿਚ ਜਿੱਤ ਕਿਸਾਨ ਦੀ ਹੋਈ। ਸੁਪਰੀਮ ਕੋਰਟ ਨੇ ਵੀ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸ਼ਾਂਤ ਮਈ ਅੰਦੋਲਨ ਨੂੰ ਕੋਈ ਨਹੀਂ ਰੋਕ ਸਕਦਾ।