ਪੰਜਾਬ ਚ ਮੁੱਖ ਮੰਤਰੀ ਚਿਹਰੇ ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ

Tags

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿਚ ਇਸ ਵਾਰ ਤਿੰਨ ਚੀਜ਼ਾਂ ਦੇ ਆਧਾਰ ’ਤੇ ਹੀ ਸਰਕਾਰ ਬਣੇਗੀ। ਲੋਕ ਉਸੇ ਨੂੰ ਚੁਣਨਗੇ, ਜਿਸਨੂੰ ਪੰਜਾਬ ਨਾਲ ਪਿਆਰ ਹੋਵੇਗਾ। ਦੂਜਾ ਜਿਸਦਾ ਨੈਤਿਕ ਆਧਾਰ ਅਤੇ ਤੀਜਾ ਜਿਸਦਾ ਕਿਰਦਾਰ ਹੋਵੇਗਾ। ਹਾਲਾਂਕਿ ਇਨ੍ਹਾਂ ਤਿੰਨੇ ਚੀਜ਼ਾਂ ਦਾ ਜ਼ਿਕਰ ਕਰਦੇ ਹੋਏ ਸਿੱਧੂ ਨੇ ਇਹ ਵੀ ਦੱਸ ਦਿੱਤਾ ਕਿ ਉਨ੍ਹਾਂ ਨੇ ਜੋ ਕਿਰਦਾਰ ਬਣਾਇਆ ਹੈ, ਉਹ ਕਿਰਦਾਰ ਇਕ ਦਿਨ ਵਿਚ ਨਹੀਂ ਬਣਾਇਆ। ਨਵਜੋਤ ਸਿੱਧੂ ਤੋਂ ਪੁੱਛਿਆ ਗਿਆ ਕਿ ਹਾਈਕਮਾਨ ਨੇ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਕੀ ਹੋਵੇਗਾ, ਇਸ ’ਤੇ ਸਿੱਧੂ ਨੇ ਜਵਾਬ ਦਿੱਤਾ ਕਿ ਇਸ ਸਵਾਲ ਦੇ ਜਵਾਬ ’ਤੇ ਪੰਜਾਬ ਦਾ ਭਵਿੱਖ ਖੜ੍ਹਾ ਹੈ। ਇਸ ਵਾਰ ਯੋਗ ਸਵਾਮੀ ਹੀ ਪੰਜਾਬ ਸੰਵਾਰੇਗਾ ਪਰ ਜੇਕਰ ਕੋਈ ਇਹ ਕਹੇਗਾ ਕਿ ਸਰਕਾਰ ਬਣਾ ਦਿਓ, ਫਿਰ ਰੇਤ ਮਾਫੀਆ,

ਸ਼ਰਾਬ ਮਾਫੀਆ, ਕੇਬਲ ਮਾਫੀਆ ਨੂੰ ਵੇਖਦੇ ਰਹੋ ਤਾਂ ਸਿੱਧੂ ਮਰਦਾ ਮਰ ਜਾਵੇਗਾ, ਇਹ ਸਭ ਕੁਝ ਨਹੀਂ ਦੇਖੇਗਾ। ਸਿੱਧੂ ਜ਼ਿੰਮੇਵਾਰੀ ਨਹੀਂ ਲਵੇਗਾ। ਸਿੱਧੂ ਨੇ ਕਿਹਾ ਕਿ ਉਹ ਹਾਈਕਮਾਨ ਦੀ ਇੱਜ਼ਤ ਕਰਦੇ ਹਨ। ਆਖਰੀ ਦਮ ਤੱਕ ਸਿੱਧੂ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਦੇ ਨਾਲ ਖੜ੍ਹਾ ਰਹੇਗਾ ਕਿਉਂਕਿ ਪਾਰਟੀ ਬਦਲਣ ਨਾਲ ਪੰਜਾਬ ਨਹੀਂ ਬਦਲੇਗਾ। ਅਹੁਦੇ ਮਿਲ ਸਕਦੇ ਹਨ ਪਰ ਪੰਜਾਬ ਪਾਲਿਸੀ ਅਤੇ ਵਿਜ਼ਨ ਨਾਲ ਬਦਲੇਗਾ। ਜੁਗਾੜ, ਲਾਲੀਪਾਪ ਨਾਲ, ਝੂਠ ਨਾਲ ਪੰਜਾਬ ਨਹੀਂ ਬਦਲੇਗਾ। ਉਨ੍ਹਾਂ ਕੋਲ ਨੈਤਿਕ ਆਧਾਰ ਤਾਂ ਹੈ ਹੀ ਅਤੇ ਪੰਜਾਬ ਨਾਲ ਇਸ਼ਕ ਵੀ ਹੈ। ਇਸ ਲਈ ਜੋ ਸਿੱਧੂ ਦੇ ਇਸ਼ਕ ਨੂੰ ਸਮਝਦਾ ਹੈ, ਉਹ ਪੰਜਾਬ ਨੂੰ ਸਮਝਦਾ ਹੈ। ਸਿੱਧੂ ਨੇ ਕਿਹਾ ਕਿ ਇਸ ਵਾਰ ਸੱਚ ਦੀ ਪਹਿਰੇਦਾਰੀ ਲਈ ਸਹੀ ਵਿਅਕਤੀ ਲਿਆਉਣਾ ਪਵੇਗਾ। ਪੰਜਾਬ ਮਾਡਲ ਹੀ ਇਸਦਾ ਹੱਲ ਹੈ, ਜੋ 17 ਸਾਲ ਦੀ ਮਿਹਨਤ ਨਾਲ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਨੂੰ ਨੀਵਾਂ ਵਿਖਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸਿੱਧੂ ਖਿਲਾਫ ਕੁਝ ਨਹੀਂ ਮਿਲ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬਿਜਲੀ ਮੰਤਰੀ ਦਾ ਅਹੁਦਾ ਵੀ ਇਸ ਲਈ ਠੁਕਰਾਇਆ ਸੀ ਕਿਉਂਕਿ ਉਨ੍ਹਾਂ ਨੂੰ ਬਿਜਲੀ ਮੰਤਰੀ ਸਿਰਫ਼ ਜਲੀਲ ਕਰਨ ਲਈ ਬਣਾਇਆ ਜਾ ਰਿਹਾ ਸੀ। ਇਹ ਪੰਜਾਬ ਕੋਲ ਆਖਰੀ ਮੌਕਾ ਹੈ, ਨਹੀਂ ਤਾਂ ਅਰਾਜਕਤਾ ਫੈਲ ਜਾਵੇਗੀ। ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਲੋਕਾਂ ਨਾਲ ਰੂ-ਬ-ਰੂ ਹੁੰਦੇ ਹੋਏ ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਕੋਈ ਚੋਣ ਜਿਤਵਾਉਣ ਵਾਲਾ ਸ਼ੋਅ ਪੀਸ ਨਹੀਂ ਹਾਂ ਅਤੇ ਨਾ ਹੀ ਬਣਾਂਗਾ। ਪੰਜਾਬ ਦੇ ਲੋਕਾਂ ਨਾਲ ਸੱਤਾ ਵਿਚ ਆਉਣ ਲਈ ਝੂਠ ਨਹੀਂ ਬੋਲਾਂਗਾ ਕਿਉਂਕਿ ਮੇਰੇ ਕੋਲ ਗੁਵਾਉਣ ਲਈ ਕੁਝ ਨਹੀਂ ਹੈ। ਮੈਂ ਸਭ ਕੁਝ ਨਿਛਾਵਰ ਕਰ ਦੇਵਾਂਗਾ ਪਰ ਪੰਜਾਬ ਨਾਲ ਧੋਖਾ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਸੱਤਾ ਦਾ ਕੋਈ ਲੋਭ ਨਹੀਂ ਪਰ ਪੰਜਾਬ ਸਰਕਾਰ ਨੂੰ ਹਰ ਪਲ ਮਸਲਿਆਂ ਤੋਂ ਜਾਣੂੰ ਕਰਵਾਉਂਦਾ ਰਹਾਂਗਾ। ਲੋਕਾਂ ਨੂੰ ਦੱਸਾਂਗਾ ਕਿ ਪੰਜਾਬ ਵਿਚ ਸਿਰਫ਼ 1 ਫੀਸਦੀ ਜਨਤਾ ਦਾ ਭਲਾ ਹੋਇਆ ਹੈ, 99 ਫੀਸਦੀ ਵਿਲਕਦੇ ਘੁੰਮ ਰਹੇ ਹਨ।