ਚਰਨਜੀਤ ਚੰਨੀ ਦਾ ਪ੍ਰਤਾਪ ਬਾਜਵਾ ਨੂੰ ਵੱਡਾ ਝਟਕਾ

Tags

ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਏ ਜਾਣ ਤੋਂ ਬਾਅਦ ਵੱਡਾ ਫੇਰ-ਬਦਲ ਸ਼ੁਰੂ ਹੋ ਗਿਆ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ ਹੀ ਸਿਆਸੀ ਅਹੁਦਿਆਂ ਉੱਤੇ ਤਾਇਨਾਤ ਲੋਕਾਂ ਦੀ ਰੱਦੋ-ਬਦਲ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੰਮਪੂਮੈਟ ਟਰੱਸਟ ਬਟਾਲਾ ਦੇ ਚੇਅਰਮੈਨ ਨੂੰ 22 ਦਿਨਾਂ ਬਾਅਦ ਆਪਣੀ ਕੁਰਸੀ ਛੱਡਣੀ ਪਈ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਰੀਬ ਦੋ ਸਾਲ ਪਹਿਲਾਂ ਆਪਣੇ ਖਾਸ ਕਸਤੂਰੀ ਲਾਲ ਸੇਠ ਨੂੰ ਇੰਪਰੂਵਮੈਂਟ ਟਰੱਸ਼ਟ ਦਾ ਚੇਅਰਮੈਨ ਤੇ ਰਾਜਿੰਦਰ ਸਿੰਘ ਨੂੰ ਬਟਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਸੀ।

ਜਦੋਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਬਟਾਲਾ ਵਿੱਚ ਸਰਗਰਮ ਹੋਏ ਤਾਂ ਉਨ੍ਹਾਂ ਨੇ ਇਨ੍ਹਾਂ ਦੋਨਾਂ ਨੂੰ ਹਟਵਾ ਕੇ ਪਵਨ ਕੁਮਾਰ ਪੰਮਾ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਤੇ ਗੁਰਿੰਦਰ ਸਿੰਘ ਚੀਕੂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਸੀ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜ ਸੀ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬਾਜਵਾ ਨੇ ਆਪਣੇ ਪੁਰਾਣੇ ਸਮਰਥਕ ਬਟਾਲਾ ਵਿੱਚ ਚੰਗੇ ਅਹੁਦਿਆਂ 'ਤੇ ਵੀ ਬਿਠਾਏ ਸਨ। ਇਨ੍ਹਾਂ ਵਿੱਚ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਤੇ ਬਟਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਸ਼ਾਮਲ ਸੀ।

ਹੁਣ ਫਿਰ ਤ੍ਰਿਪਤ ਰਾਜਿੰਦਰ ਬਾਜਵਾ ਕੋਲ ਪਾਵਰ ਆਉਣ ਤੋਂ ਬਾਅਦ ਪਵਨ ਕੁਮਾਰ ਪੰਮਾ ਨੂੰ ਚੇਅਰਮੈਨੀ ਤੋਂ ਹਟਾ ਕੇ ਫਿਰ ਤੋਂ ਕਸਤੂਰੀ ਲਾਲ ਸੇਠ ਨੂੰ ਚੇਅਰਮੈਨੀ ਦੇ ਦਿੱਤੀ ਗਈ ਹੈ, ਪ੍ਰਤਾਪ ਬਾਜਵਾ ਦਾ ਕਰੀਬੀ ਪਵਨ ਕੁਮਾਰ ਪੰਮਾ ਸਿਰਫ 22 ਦਿਨ ਹੀ ਆਪਣੀ ਕੁਰਸੀ ਤੇ ਬੈਠ ਸਕੇ ਹਨ।