ਚਰਨਜੀਤ ਚੰਨੀ ਦੀ ਵੱਡੀ ਕਾਰਵਾਈ, ਬਦਲਿਆ ਵੱਡਾ ਅਫਸਰ

Tags

ਕੈਪਟਨ ਦੇ ਹਮਾਇਤੀਆਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ। ਅੱਜ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਨਵਜੋਤ ਸਿੱਧੂ ਦੇ ਪਸੰਦੀਦਾ ਕੌਂਸਲਰ ਦਮਨਦੀਪ ਸਿੰਘ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਧੜੇ ਵੱਲੋਂ ਕੈਪਟਨ ਧੜੇ ਦੇ ਸਿਰਕੱਢ ਲੀਡਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਵਿਖੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਘਰ ਪੁੱਜੇ। ਇੱਥੇ ਔਜਲਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਔਜਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਦੱਸ ਦਈਏ ਕਿ ਦਿਨੇਸ਼ ਬੱਸੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ-ਮ-ਖਾਸ ਸਨ। ਨਵਜੋਤ ਸਿੱਧੂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਦਿਨੇਸ਼ ਬੱਸੀ ਤੋਂ ਬਹੁਤ ਨਾਰਾਜ਼ ਸੀ। ਸੂਤਰਾਂ ਮੁਤਾਬਕ ਅਜੇ ਹੋਰ ਵੀ ਕਈ ਅਫਸਰ ਤੇ ਸਿਆਸੀ ਅਹੁਦਿਆਂ ਉੱਪਰ ਬੈਠੇ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ ਜੋ ਕੈਪਟਨ ਦੇ ਖਾਸ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਇੰਮਪੂਮੈਟ ਟਰੱਸਟ ਬਟਾਲਾ ਦੇ ਚੇਅਰਮੈਨ ਨੂੰ ਵੀ ਬਦਲਿਆ ਗਿਆ ਹੈ। ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਾਸ ਕਸਤੂਰੀ ਲਾਲ ਸੇਠ ਨੂੰ ਫਿਰ ਤੋਂ ਚੇਅਰਮੈਨ ਲਾਇਆ ਗਿਆ ਹੈ।

ਸੰਸਦ ਮੈਂਬਰ ਪ੍ਰਤਾਪ ਬਾਜਵਾ ਨੇ ਕੁਝ ਦਿਨ ਪਹਿਲਾਂ ਹੀ ਕਸਤੂਰੀ ਲਾਲ ਸੇਠ ਨੂੰ ਹਟਾ ਕੇ ਆਪਣੇ ਖਾਸ-ਮ-ਖਾਸ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਲਾਇਆ ਗਿਆ ਸੀ। ਉਧਰ, ਸੱਤਾ ਤੋਂ ਬਾਹਰ ਹੁੰਦਿਆਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਤੇ ਫਲੈਕਸ ਹਟਣੇ ਸ਼ੁਰੂ ਹੋ ਗਏ ਹਨ। ਕਾਂਗਰਸੀ ਲੀਡਰਾਂ ਨੇ ਰਾਤੋ-ਰਾਤ ਕੈਪਟਨ ਦੀ ਥਾਂ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਧਰ, ਸਰਕਾਰੀ ਬੱਸਾਂ ਤੋਂ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਾਏ ਜਾਣਗੇ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਪੀਆਰਟੀਸੀ ਨੂੰ ਸਰਕਾਰੀ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਾਉਣ ਲਈ ਕਿਹਾ ਗਿਆ ਹੈ।