ਤਾਨਾਸ਼ਾਹੀ ਆਰਡਰ ਦੇਣ ਵਾਲਾ SDM ਫਸਿਆ! ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਵਾਰਨਿੰਗ|

Tags

ਅੱਜ ਕਰਨਾਲ ਜ਼ਿਲ੍ਹੇ ਦੇ ਘਰੌਂਡਾ ’ਚ ਕਿਸਾਨਾਂ ਦੀ ਮਹਾਂਪੰਚਾਇਤ ਹੋਈ। ਕਿਸਾਨ ਆਗੂ ਗੁਰਨਾਮ ਸਿੰਘ ਚੜ੍ਹੂਨੀ ਅਨੁਸਾਰ ਇੱਥੇ ਚਾਰ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਹੈ ਕਿ ਪਹਿਲਾ ਫੈਸਲਾ ਲਿਆ ਹੈ ਕਿ ਵਹਿਸ਼ੀਆਨਾ ਲਾਠੀਚਾਰਜ ਕਰਵਾਉਣ ਵਾਲੇ ਐਸਡੀਐਮ ਨੂੰ ਬਰਖ਼ਾਸਤ ਕੀਤਾ ਜਾਵੇ। ਦੂਜਾ ਸਮੁੱਚੇ ਕਰਨਾਲ ਪ੍ਰਸ਼ਾਸਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ। ਤੀਜਾ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨਾਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਹੈ ਕਿ ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਸੰਯੁਕਤ ਕਿਸਾਨ ਮੋਰਚੇ ਅੱਗੇ ਆਪਣੀ ਗੱਲ ਰੱਖਣਗੀਆਂ। ਕਿਸਾਨ ਵਾਰ-ਵਾਰ ਲਾਠੀਆਂ ਨਹੀਂ ਖਾਣਗੇ।

ਜੇ ਸੰਯੁਕਤ ਕਿਸਾਨ ਮੋਰਚਾ ਵਿੱਚ ਗੱਲ ਨਹੀਂ ਸੁਣੀ ਜਾਂਦੀ, ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਹਰਿਆਣਾ ’ਚ ਦੁਬਾਰਾ ਮੀਟਿੰਗ ਕਰਕੇ ਫੈਸਲਾ ਲੈਣਗੀਆਂ। ਚੌਥੇ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਤੇ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ 'ਤੇ ਸਨਿੱਚਰਵਾਰ ਨੂੰ ਕਿਸਾਨਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਇਹ ਮਹਾਂਪੰਚਾਇਤ ਸੱਦੀ ਗਈ ਸੀ। ਕਿਸਾਨ ਆਗੂ ਚੜ੍ਹੂਨੀ ਨੇ ਦੱਸਿਆ ਕਿ 6 ਸਤੰਬਰ ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ, ਜੇ ਸਰਕਾਰ ਸਹਿਮਤ ਨਹੀਂ ਹੋਈ ਤਾਂ 7 ਤਰੀਕ ਨੂੰ ਕਰਨਾਲ ਵਿੱਚ ਇੱਕ ਹੋਰ ਵੱਡੀ ਪੰਚਾਇਤ ਹੋਵੇਗੀ, ਉਸ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

ਚੰਡੀਗੜ੍ਹ ਤੋਂ ਖਾਸ ਤੌਰ ਉੱਤੇ ਮਹਾਂਪੰਚਾਇਤ ਵਿੱਚ ਪੁੱਜੇ ਰਾਜਕੌਰ ਗਿੱਲ ਨੇ ਕਿਹਾ ਕਿ ਜ਼ਖਮੀ ਹੋਏ ਕਿਸਾਨਾਂ ਵਿੱਚੋਂ ਹਰ ਇੱਕ ਦਾ ਬਦਲਾ ਲਿਆ ਜਾਵੇਗਾ। ਕਿਸਾਨਾਂ ਆਗੂਆਂ ਨੇ ਕਿਹਾ ਕਿ ਸਨਿੱਚਰਵਾਰ ਨੂੰ ਕਿਸਾਨਾਂ ਉੱਤੇ ਅੰਨ੍ਹੇਵਾਹ ਪੁਲਿਸ ਤਸ਼ੱਦਦ ਢਾਹਿਆ ਗਿਆ ਹੈ। ਉਹ ਸਿਰਫ਼ ਕਾਲੀਆ ਝੰਡੀਆਂ ਹੀ ਵਿਖਾ ਰਹੇ ਸਨ ਪਰ ਜਵਾਬ ਵਿੱਚ ਉਨ੍ਹਾਂ ਉੱਤੇ ਹਿੰਸਕ ਲਾਠੀਆਂ ਵਰ੍ਹਾਈਆਂ ਗਈਆਂ। ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਕਿਹਾ ਕਿ ਬਸਤਾੜਾ ਵਰਗੀ ਘਟਨਾ ਲੋਕਤੰਤਰ ਵਿੱਚ ਅੱਜ ਤੱਕ ਨਹੀਂ ਵਾਪਰੀ। ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਇਹ ਮੀਟਿੰਗ ਦੋ ਦਿਨ ਪਹਿਲਾਂ ਸੈਸ਼ਨ ਵਿੱਚ ਹੀ ਹੋਣੀ ਚਾਹੀਦੀ ਸੀ ਪਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਗਈ।

ਕਿਸਾਨ ਆਗੂ ਅਭਿਮੰਨਿਊ ਕੁਮਾਰ ਨੇ ਕਿਹਾ ਕਿ ਕਿਸਾਨ ਭਾਈਚਾਰਾ ਅੱਜ ਜੰਗ ਦੇ ਮੈਦਾਨ ਵਿੱਚ ਖੜ੍ਹਾ ਹੈ। ਇਸ ਮਿੱਟੀ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਪਹਿਲਾਂ ਹਰਿਆਣਾ ਵਿੱਚ ਉਤਰਨ ਨਹੀਂ ਸੀ ਦਿੱਤਾ। ਨਾ ਸਿਰਫ ਪੂਰੇ ਹਰਿਆਣਾ ਬਲਕਿ ਪੂਰੇ ਦੇਸ਼ ਦੇ ਕਿਸਾਨ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਨੇਤਾਵਾਂ ਦੇ ਆਦੇਸ਼ਾਂ ਤੋਂ ਬਗੈਰ ਅਜਿਹਾ ਨਹੀਂ ਕਰ ਸਕਦਾ। ਕਿਸਾਨ ਦੀ ਹਾਲੇ ਤੱਕ ਕਦੇ ਹਾਰ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਕਿਸਾਨ ਵੱਡੀ ਕਿਸਾਨ ਲਹਿਰ ਨੂੰ ਜਿੱਤ ਚੁੱਕੇ ਹਨ। ਇਸ ਵਾਰ ਇਹ ਕਿਸਾਨਾਂ ਲਈ ਸਭ ਤੋਂ ਵੱਡਾ ਅੰਦੋਲਨ ਹੈ। ਕਿਸਾਨਾਂ ਨੇ ਪਟੇਲ ਦੇ ਅੰਦੋਲਨ ਤੋਂ ਵੀ ਵੱਡਾ ਵਿਰੋਧ ਕਰਕੇ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ।