ਪੰਜਾਬ ਸਰਕਾਰ ਦਾ ਸਕੂਲੀ ਬੱਚਿਆਂ ਲਈ ਨਵੀਂ ਫੁਰਮਾਨ, ਘਰੇ ਬੈਠੇ ਜਵਾਕਾਂ ਨੂੰ ਟੈਂਸ਼ਨ!

ਪੰਜਾਬ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਟੈਸਟ ਹੋਣਗੇ। ਇਸ ਸਬੰਧੀ ਡਾਇਰੈਕਟਰ SCRT ਨੇ ਵੀਰਵਾਰ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 6ਵੀਂ ਤੋਂ 10ਵੀਂ ਤਕ ਦੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਜਦਕਿ 11ਵੀਂ ਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ 'ਤੇ ਤਿਆਰ ਕਰਨਗੇ ਤੇ ਆਨਲਾਈਨ ਪੇਪਰ ਲੈਣਗੇ। ਪੰਜਾਬ ਸਕੂਲ ਸਿੱਖਿਆ ਵਿਭਾਗ ਮੁਤਾਬਕ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਬਜੈਕਟਿਵ ਟੈਸਟ ਅਧਿਆਪਕ-ਵਿਦਿਆਰਥੀ ਵਟਸਐਪ ਗਰੁੱਪ ਵੱਲੋਂ ਆਨਲਾਈਨ ਲਏ ਜਾਣਗੇ।

ਇਸ ਸਬੰਧੀ ਪ੍ਰਸ਼ਨ-ਪੱਤਰ ਹੈੱਡ ਆਫਿਸ ਵੱਲੋਂ ਤਿਆਰ ਕਰਕੇ ਆਨਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ 'ਚ ਅਬਜੈਕਟਿਵ ਤੇ ਸਬਜੈਕਟਿਵ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। 6ਵੀਂ ਤੋਂ 12ਵੀਂ ਦਾ ਅਪ੍ਰੈਲ ਤੋਂ ਮਈ ਤਕ ਦਾ ਦੋ ਮਹੀਨਿਆਂ ਦਾ ਸਿਲੇਬਸ ਟੀਵੀ ਚੈਨਲਾਂ, ਜ਼ੂਮ ਕਲਾਸ, ਪੀਡੀਐਫ ਆਸਾਈਨਮੈਂਟਾਂ ਜ਼ਰੀਏ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਵਿਦਿਆਰਥੀਆਂ ਦੇ ਇਹ ਟੈਸਟ ਚੈੱਕ ਕਰਨ ਲਈ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਸਬੰਧਤ ਵਿਸ਼ੇ ਦੇ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ।