ਪੰਜਾਬ ਦੇ ਇਸ ਇਲਾਕੇ ‘ਚ ਲੀਕ ਹੋਈ ਗੈਸ, ਚੱਕਰ ਖਾ-ਖਾ ਡਿੱਗ ਰਹੇ ਨੇ ਲੋਕ

Tags

ਮੋਹਾਲੀ ਦੇ ਕਸਬਾ ਬਲੌਂਗੀ 'ਚ ਐਤਵਾਰ ਦੇਰ ਰਾਤ 11 ਵਜੇ ਕਲੋਰੀਨ ਗੈਸ ਲੀਕ ਹੋ ਗਈ ਜਿਸ ਕਾਰਨ ਥਾਣੇ ਦੇ ਨਾਲ ਬਣੀ ਪਾਣੀ ਵਾਲੀ ਟੈਂਕੀ ਕੋਲ ਰਹਿੰਦੇ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਆਉਣ ਲੱਗ ਪਈ। ਇਸ ਤੋਂ ਬਾਅਦ ਗੁਰਦੁਆਰੇ ਤੇ ਮੰਦਰਾਂ 'ਚ ਮੁਨਾਦੀ ਕਰਵਾ ਕੇ ਗੈਸ ਲੀਕ ਹੋਣ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਖੁੱਲ੍ਹੀ ਥਾਂ 'ਤੇ ਜਾਣ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਦਾਖ਼ਲ 32 ਮਰੀਜ਼ਾਂ ਵਿਚੋਂ 15 ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਤਿੰਨ ਮਰੀਜ਼ਾਂ ਨੂੰ ਆਕਸੀਜਨ ਲਾਉਣੀ ਪਈ। ਉਨ੍ਹਾਂ ਕਿਹਾ ਕਿ 10 ਕਿਲੋ ਦਾ ਸਿਲੰਡਰ ਲੀਕ ਹੋਇਆ ਸੀ।

ਸਥਿਤੀ ਕਾਬੂ ਹੇਠ ਤੇ ਐੱਨਡੀਆਰਐੱਫ ਟੀਮ ਤੋਂ ਵੀ ਮਦਦ ਲਈ ਜਾ ਰਹੀ ਹੈ। ਸੋਸ਼ਲ ਮੀਡੀਏ 'ਤੇ ਕਾਲੋਨੀ ਦੇ ਸਾਬਕਾ ਪੰਚ ਵੀਰ ਪ੍ਰਤਾਪ ਸਿੰਘ ਬਾਵਾ ਦਾ ਲੋਕਾਂ ਨੂੰ ਸੁਚੇਤ ਕਰਨ ਵਾਲਾ ਸੁਨੇਹਾ ਵੀ ਵਾਇਰਲ ਹੋਇਆ। ਗੈਸ ਦਾ ਰਿਸਾਅ ਏਨਾ ਜ਼ਿਆਦਾ ਸੀ ਕਿ ਇਸ ਨਾਲ ਥਾਣੇ ਦੇ ਆਸਪਾਸ ਆਜ਼ਾਦ ਨਗਰ ਦੇ ਖੇਤਰ ਵਿਚੋਂ 32 ਜਣਿਆਂ ਨੂੰ ਹਸਪਤਾਲ ਲਿਜਾਣਾ ਪਿਆ। ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ਦੇ ਨੇੜੇ ਦਾ ਇਲਾਕਾ ਖ਼ਾਲੀ ਕਰਵਾਇਆ ਤੇ ਲੋਕਾਂ ਨੂੰ ਟੀਡੀਆਈ ਸਿਟੀ ਵਾਲੇ ਪਾਸੇ ਖੁੱਲ੍ਹੀ ਥਾਂ ਵਿਚ ਲਿਜਾਇਆ ਗਿਆ। ਮੋਹਾਲੀ ਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ 32 ਜਣਿਆਂ ਦਾ ਇਲਾਜ ਕੀਤਾ ਗਿਆ।