ਪੰਜਾਬ ‘ਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ

Tags

ਪੰਜਾਬ 'ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਤੇਜ਼ ਹੋ ਗਈ ਹੈ ਕਿਉਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧ ਰਹੀ ਹੈ। ਵੀਰਵਾਰ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਇਸ ਤੋਂ ਪਹਿਲਾਂ ਬੁੱਧਵਾਰ 34 ਤੇ ਮੰਗਲਵਾਰ 30 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਬੀਤੇ ਤਿੰਨ ਦਿਨਾਂ 'ਚ 160 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਅੰਮ੍ਰਿਤਸਰ 'ਚ ਸਭ ਤੋਂ ਵੱਧ ਲੋਕ ਠੀਕ ਹੋ ਰਹੇ ਹਨ। ਇੱਥੇ ਹਜ਼ੂਰ ਸਾਹਿਬ ਤੋਂ ਪਰਤੇ 266 ਕੋਰੋਨਾ ਪੌਜ਼ੇਟਿਵ ਮਰੀਜ਼ਾਂ 'ਚੋਂ 88 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਇੱਥੇ ਕੇਂਦਰੀ ਜੇਲ੍ਹ 'ਚ 43 ਕੈਦੀਆਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ਨਾਲ ਵੀ ਰਾਹਤ ਮਿਲੀ ਹੈ।

ਇਨ੍ਹਾਂ ਤਿੰਨ ਦਿਨਾਂ 'ਚ ਨਵੇਂ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਵੀ ਗਿਰਾਵਟ ਆਈ ਹੈ। ਹੁਣ ਤਕ ਪੰਜਾਬ 'ਚ 295 ਲੋਕ ਤੰਦਰੁਸਤ ਹੋ ਚੁੱਕੇ ਹਨ। ਪੰਜਾਬ 'ਚ 33 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ। ਇਨ੍ਹਾਂ 'ਚ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਸੀ ਜਾਂ ਪਹਿਲਾਂ ਤੋਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ। ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ 'ਚ ਵੀ ਪੰਜ ਲੋਕ ਠੀਕ ਹੋਏ ਹਨ। ਕੋਰੋਨਾ ਵਾਇਰਸ 'ਤੇ ਜਿਸ ਤਰ੍ਹਾਂ ਪੰਜਾਬ ਵਾਸੀ ਜਿੱਤ ਪਾ ਰਹੇ ਹਨ ਇਹ ਸੂਬੇ ਲਈ ਰਾਹਤ ਦੀ ਖ਼ਬਰ ਹੈ। ਵੀਰਵਾਰ 200 ਸੈਂਪਲਾਂ ਦੀ ਜਾਂਚ ਕੀਤੀ ਗਈ ਜੋ ਸਾਰੇ ਨੈਗੇਟਿਵ ਹਨ। ਅੰਮ੍ਰਿਤਸਰ 'ਚ 301 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ। ਜਿੰਨ੍ਹਾਂ 'ਚੋਂ ਚਾਰ ਦੀ ਮੌਤ ਹੋ ਚੁੱਕੀ ਤੇ 98 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ।