ਪੰਜਾਬ ਦਾ ਪਹਿਲਾ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਆਇਆ ਮਰੀਜ਼ ਇਲਾਜ ਕਰਵਾਉਣ ਤੋਂ ਬਾਅਦ ਤੰਦਰੁਸਤ ਹੋ ਕੇ ਆਪਣੇ ਪਿੰਡ ਖਨੂਰ ਪੁੱਜ ਗਿਆ ਹੈ। ਇਹ 44 ਸਾਲਾ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਤੇ ਬੱਚੇ ਨਾਲ ਭਾਰਤ ਆਇਆ ਸੀ। ਸਰਕਾਰੀ ਬੁਲਾਰੇ ਮੁਤਾਬਕ ਵਿਦੇਸ਼ ਤੋਂ ਪਰਤੇ ਹੋਣ ਕਾਰਨ ਏਅਰਪੋਰਟ ‘ਤੇ ਰੋਕ ਕੇ ਉਨ੍ਹਾਂ ਦੇ ਟੈਸਟ ਕਰਵਾਏ ਗਏ ਜਦੋਂਕਿ ਸਬੰਧਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ। ਉਕਤ ਵਿਅਕਤੀ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ਼ ਦੀ ਦੇਖਭਾਲ, ਸਹੀ ਖੁਰਾਕ ਅਤੇ ਦ੍ਰਿੜ ਵਿਸ਼ਵਾਸ ਸਦਕਾ ਉਹ ਠੀਕ ਹੋ ਕੇ ਮੁੜਿਆ ਹੈ।
ਉਸ ਨੇ ਦੱਸਿਆ ਕਿ ਡਾਕਟਰਾਂ ਤੋਂ ਲੈ ਕੇ ਦਰਜਾ ਚਾਰ ਮੁਲਾਜ਼ਮਾਂ ਨੇ ਉਸ ਨੂੰ ਠੀਕ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਹ ਇਟਲੀ ਤੋਂ ਭਾਰਤ ਆਇਆ ਸੀ, ਉਸ ਵੇਲੇ ਇਟਲੀ ਦੇ ਹਾਲਾਤ ਇੰਨੇ ਖਰਾਬ ਨਹੀਂ ਸਨ। ਉਨ੍ਹਾਂ ਨੂੰ ਨੌਕਰੀਆਂ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਸਨ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਇਕਾਂਤਵਾਸ ‘ਚ ਰਹਿ ਕੇ ਅਤੇ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਕੇ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਰ ਆਪਣੇ ਪਰਿਵਾਰ ਅਤੇ ਸੰਪਰਕ ‘ਚ ਆਉਣ ਵਾਲੇ ਹੋਰ ਵਿਅਕਤੀਆਂ ਦੇ ਹਿੱਤਾਂ ਖਾਤਰ ਉਸ ਨੇ ਆਪ ਡਾਕਟਰਾਂ ਨੂੰ ਮਿਲ ਕੇ ਟੈਸਟ ਕਰਾਉਣ ਦੀ ਬੇਨਤੀ ਕੀਤੀ ਸੀ ਜਦੋਂਕਿ ਉਨ੍ਹਾਂ ‘ਚ ਉਸ ਸਮੇਂ ਕੋਈ ਪ੍ਰਤੱਖ ਲੱਛਣ ਵੀ ਨਹੀਂ ਸਨ।