ਸਿੱਧੂ ਮੂਸੇਆਲੇ ਦਾ ਪੂਰਾ ਪਿੰਡ ਸੀਲ, ਕਰੋਨਾ ਦੀ ਦਹਿਸ਼ਤ ਨੇ ਕੰਬਣ ਲਾਤਾ ਪਿੰਡ ਮੂਸਾ

Tags

ਮਾਨਸਾ ਨੇੜਲੇ ਪਿੰਡ ਮੂਸਾ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਪਿੰਡ ਵਾਸੀਆਂ ਦੀ ਭਲਾਈ ਲਈ ਨਿੱਤਰੇ ਹਨ | ਜਿੱਥੇ ਉਹ ਲੋੜਵੰਦਾਂ ਦੀ ਰਾਸ਼ਨ ਪਾਣੀ ਦੇ ਨਾਲ ਹੀ ਹਰ ਪੱਖ ਤੋਂ ਮਦਦ ਕਰ ਰਹੇ ਹਨ ਉੱਥੇ ਉਨ੍ਹਾਂ ਨੇ ਆਪਣੀ ਮਾਤਾ ਸਰਪੰਚ ਚਰਨ ਕੌਰ ਨਾਲ ਮਿਲ ਕੇ ਪਿੰਡ ਦੇ ਸਾਰੇ ਰਸਤਿਆਂ 'ਤੇ ਨਾਕਾਬੰਦੀ ਕਰਵਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਇਸ ਪਿੰਡ ਨੂੰ 7 ਮੁੱਖ ਰਸਤੇ ਲੱਗਦੇ ਹਨ | ਸਿੱਧੂ ਨੇ ਹਰਜਿੰਦਰ ਸਿੰਘ ਗਿੱਲ ਡੀ.ਐੱਸ.ਪੀ. ਸਬ ਡਵੀਜ਼ਨ ਮਾਨਸਾ ਦੀ ਨਿਗਰਾਨੀ ਹੇਠ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ ਅਤੇ ਵਿਸ਼ੇਸ਼ ਤੌਰ 'ਤੇ ਹੰਗਾਮੀ ਹਾਲਤ 'ਚ ਆਉਣ ਵਾਲਿਆਂ ਨੂੰ ਪਾਣੀ ਵਾਲੀਆਂ ਟੈਂਕੀਆਂ ਖੜ੍ਹੀਆਂ ਕਰ ਕੇ ਸੈਨੇਟਾਈਜ਼ਰ ਤੇ ਸਾਬਣ ਨਾਲ ਹੱਥ ਆਦਿ ਸਾਫ਼ ਕਰ ਕੇ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਾਸਕ ਆਦਿ ਵੀ ਦਿੱਤੇ ਜਾਂਦੇ ਹਨ |

ਉਨ੍ਹਾਂ ਵਲ਼ੋਂ ਸਾਰੇ ਪਿੰਡ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ | ਦੱਸਣਾ ਬਣਦਾ ਹੈ ਕਿ ਵਿਸ਼ਵ ਭਰ 'ਚ ਚਰਚਿਤ ਇਸ ਗਾਇਕ ਦੇ ਚਹੇਤੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਗ਼ੈਰ ਪੰਜਾਬੀ ਲੋਕ ਵੀ ਉਸ ਨੂੰ ਪਸੰਦ ਕਰਦੇ ਹਨ | ਉਸ ਵਲ਼ੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨੌਜਵਾਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ | ਗਾਇਕ ਨੇ ਕਿਹਾ ਕਿ ਉਹ ਪਿੰਡ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਲੋੜਵੰਦ ਲੋਕਾਂ ਦੀ ਭਲਾਈ ਲਈ ਤਤਪਰ ਰਹਿਣਗੇ | ਇਸ ਮੌਕੇ ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ, ਜ਼ਿਲ੍ਹਾ ਕੋਰੋਨਾ ਵਾਇਰਸ ਜਾਗਿ੍ਤੀ ਮੁਹਿੰਮ ਇੰਚਾਰਜ ਬਲਵੰਤ ਸਿੰਘ ਭੀਖੀ, ਥਾਣਾ ਸਦਰ ਦੇ ਮੁਖੀ ਬਲਵਿੰਦਰ ਸਿੰਘ ਤੋਂ ਇਲਾਵਾ ਕਲੱਬ ਦੇ ਨੌਜਵਾਨ ਹਾਜ਼ਰ ਸਨ |