ਸਿਆਸਤ ਛੱਡਣ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਸਿਆਸੀ ਪਾਰੀ ਦੀਆਂ ਆਸਾਂ ਲਾਈ ਬੈਠੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੈਪਟਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਸਿਆਸਤ ਨੂੰ ਅਲਵਿਦਾ ਨਹੀਂ ਕਹਿ ਰਹੇ ਸਗੋਂ ਪੰਜਾਬ ਦੇ ਲੋਕਾਂ ਦੀ ਸੇਵਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਦਾ ਹਰ ਨੌਜਵਾਨ ਨੌਕਰੀ ਕਰਨ ਨਹੀਂ ਲੱਗ ਜਾਂਦਾ, ਉਦੋਂ ਤਕ ਉਹ ਮੈਦਾਨ ਨਹੀਂ ਛੱਡਣਗੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਿਸੇ ਨੂੰ ਛੱਡ ਕੇ ਨਹੀਂ ਜਾ ਰਿਹਾ, ਮੈਂ ਸਾਰਿਆਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਸੂਬੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਬਾਹਰ ਨਾ ਜਾਣ ਤੇ ਉਨ੍ਹਾਂ ਨੂੰ ਨਿੱਜੀ ਖੇਤਰਾਂ 'ਚ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ।

ਸਿਰਫ ਇੰਨਾ ਹੀ ਨਹੀਂ ਉਨ੍ਹਾਂ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਾਦਲਾਂ ਨੇ ਆਪਣੇ ਲਾਲਚ ਲਈ ਪੰਜਾਬ-ਹਰਿਆਣਾ ਨੂੰ ਵੱਖ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਸਿਰਫ ਆਪਣੇ ਬਾਰੇ ਸੋਚਦੇ ਹਨ, ਉਹ ਦੇਸ਼ ਲਈ ਨਹੀਂ ਸੋਚਦੇ। ਦਰਅਸਲ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਦਾਅਵਾ ਕੀਤਾ ਸੀ ਕਿ ਉਹ ਆਖਰੀ ਵਾਰ ਚੋਣਾਂ ਲੜ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਹਮਦਰਦੀ ਦੇ ਆਧਾਰ 'ਤੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਸੀ। ਇਸ ਦੌਰਾਨ ਸਭ ਨੂੰ ਲੱਗਿਆ ਸੀ ਕਿ ਕੈਪਟਨ ਸਿਆਸਤ ਛੱਡ ਰਹੇ ਹਨ ਪਰ ਹੁਣ ਬੀਤੇ ਦਿਨੀਂ ਮੁੱਖ ਮੰਤਰੀ ਨੇ ਅਜੇ ਹੋਰ ਸਿਆਸੀ ਪਾਰੀ ਖੇਡਣ ਦਾ ਇਸ਼ਾਰਾ ਕੀਤਾ ਹੈ।