ਕਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸੁਖਬੀਰ ਸਿੰਘ ਬਾਦਲ ਦਾ ਵੱਖਰਾ ਹੀ ਬਿਆਨ ਸੁਣਨ ਨੂੰ ਮਿਲਿਆ, ਜਿਸ ਨੂੰ ਸੁਣ ਕੇ ਸਭ ਨੂੰ ਬਹੁਤ ਹੈਰਾਨੀ ਹੋਈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਤੋਂ ਰਖਾਵਾਈ ਨਾ ਕਿ ਕਿਸੇ ਅੰਮ੍ਰਿਤਧਾਰੀ ਤੋਂ। ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਉਸ ਸਮੇਂ ਅੰਮ੍ਰਿਤਧਾਰੀ ਸਿੰਘ ਨਹੀਂ ਹੁੰਦੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਤੋਂ ਦੂਰੀ ਬਣਾਉਣ ਸਬੰਧੀ ਸਵਾਲ ਦੇ ਜਵਾਬ ਵਿਚ ਆਖਿਆ ਕਿ ਭਾਜਪਾ ਨਾਲ ਗੱਠਜੋੜ ਕਾਇਮ ਰਹੇਗਾ।
ਇਹ ਗੱਠਜੋੜ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਵਿਕਾਸ ਵਾਸਤੇ ਕੀਤਾ ਗਿਆ ਹੈ। ਇਹ ਗਠਜੋੜ ਪੰਜਾਬ ਦੇ ਹਿੱਤ ਲਈ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਪੈਦਾ ਹੋਏ ਵਿਚਾਰਧਾਰਕ ਵਖਰੇਵਿਆਂ ਬਾਰੇ ਉਨ੍ਹਾਂ ਕਿਹਾ ਕਿ ਦੋ ਪਾਰਟੀਆਂ ਦੀ ਆਪਣੀ ਵੱਖ ਵੱਖ ਵਿਚਾਰਧਾਰਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਸੀ ਭਾਈਚਾਰਕ ਸਾਂਝ, ਸਰਬੱਤ ਦੇ ਭਲੇ ਅਤੇ ਸਭ ਧਰਮਾਂ ਦੇ ਸਤਿਕਾਰ ਦੇ ਸਿਧਾਂਤ ’ਤੇ ਚਲਦਾ ਹੈ।