ਢੀਂਡਸਾ ਪਿਓ ਪੁੱਤਰ ਨੂੰ ਮਿਲਿਆ ਸੇਵਾ ਦਾ ਫ਼ਲ,ਪਾਰਟੀ ਵਿੱਚੋਂ ਕੱਢ ਕੇ ਮਾਰਿਆ ਬਾਹਰ

Tags

ਸ਼੍ਰੋਮਣੀ ਅਕਾਲੀ ਦਲ (ਬ) ਨੇ ਕੌੜਾ ਅੱਕ ਚੱਬ ਕੇ ਹੀ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਤੇ ਲਹਿਰਾਗਾਗਾ ਤੋਂ ਪਾਰਟੀ ਵਿਧਾਇਕ ਪਰਮਿੰਦਰ ਢੀਂਡਸਾ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਹੈ। ਦਿਲਚਸਪ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬਗਾਵਤ ਕਰਨ 'ਤੇ ਟਕਸਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਢੀਂਡਸਾ ਪਿਓ-ਪੁੱਤ ਨੂੰ ਅਜੇ ਮੁਅੱਤਲ ਹੀ ਕੀਤਾ ਹੈ। ਇਸ ਤੋਂ ਇਲਾਵਾ ਇਸ ਵਾਰ ਸੁਖਬੀਰ ਬਾਦਲ ਨੇ ਖੁਦ ਫੈਸਲਾ ਨਹੀਂ ਲਿਆ। ਇਸ ਲਈ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੀ ਲੀਡਰਸ਼ਿਪ ਦੀ ਸਹਾਰਾ ਲਿਆ ਗਿਆ ਹੈ।

ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਕੋਰ ਕਮੇਟੀ ਦੇ ਮੈਂਬਰਾਂ ਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਨਿਗਰਾਨ ਸਿਕੰਦਰ ਸਿੰਘ ਮਲੂਕਾ ਵੱਲੋਂ ਮੀਟਿੰਗ ਦੌਰਾਨ ਦੋਵਾਂ ਜ਼ਿਲ੍ਹਿਆਂ ਦੇ ਵਰਕਰਾਂ ਤੇ ਆਗੂਆਂ ਦੀਆਂ ਭਾਵਨਾਵਾਂ ਤੇ ਮੰਗ ਪ੍ਰਤੀ ਪਾਰਟੀ ਆਗੂਆਂ ਨੂੰ ਜਾਣੂ ਕਰਾਇਆ ਗਿਆ ਸੀ। ਇਸ ਦੇ ਅਧਾਰ ’ਤੇ ਕੋਰ ਕਮੇਟੀ ਨੇ ਇਹ ਫ਼ੈਸਲਾ ਲਿਆ। ਇਹ ਵੀ ਅਹਿਮ ਹੈ ਕਿ ਢੀਂਡਸਾ ਪਰਿਵਾਰ ਖਿਲਾਫ ਕਾਰਵਾਈ ਲਈ ਅਕਾਲੀ ਦਲ ਦੀ ਕੋਰ ਕਮੇਟੀ ਦੇ ਸਾਰੇ ਮੈਂਬਰ ਵੀ ਇੱਕਮਤ ਨਹੀਂ ਸਨ। ਹੋਰ ਤਾਂ ਹੋਰ ਬਿਕਰਮ ਮਜੀਠੀਆ ਵੀ ਸਖਤ ਕਾਰਵਾਈ ਦੇ ਹੱਕ ਵਿੱਚ ਨਹੀਂ ਸਨ। ਸੂਤਰਾਂ ਮੁਤਾਬਕ ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ ਤੇ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਨੋਟਿਸ ਦੇ ਦਿੱਤਾ ਜਾਵੇ ਤਾਂ ਪਾਰਟੀ ਦੇ ਵੀ ਹਿੱਤ ’ਚ ਹੋਵੇਗਾ।