ਸ਼੍ਰੋਮਣੀ ਅਕਾਲੀ ਦਲ (ਬ) ਵਿਚਾਲਾ ਕਲੇਸ਼ ਹੋਰ ਵਧ ਸਕਦਾ ਹੈ। ਪਾਰਟੀ ਵਿੱਚੋਂ ਮੁਅੱਤਲ ਕਰਨ ਮਗਰੋਂ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਪਾਰਟੀ ਬਾਰੇ ਕਈ ਰਾਜ਼ ਖੋਲ੍ਹਣਗੇ ਜਿਸ ਨਾਲ ਬਾਦਲ ਪਰਿਵਾਰ ਦੀ ਹਾਲਤ ਕਸੂਤੀ ਬਣ ਸਕਦੀ ਹੈ। ਯਾਦ ਰਹੇ ਇਸ ਤੋਂ ਪਹਿਲਾਂ ਬਗਾਵਤ ਕਰਨ ਵਾਲੇ ਸਾਰੇ ਟਕਸਾਲੀ ਲੀਡਰਾਂ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਸੀ। ਢੀਂਡਸਾ ਪਿਓ-ਪੁੱਤ ਨੂੰ ਸਿਰਫ ਮੁਅੱਤਲ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਢੀਂਡਸਾ ਕੋਲ ਪਾਰਟੀ ਦੇ ਕਈ ਅਹਿਮ ਰਾਜ ਹਨ।
ਜੇਕਰ ਉਹ ਅੰਦਰਲੇ ਭੇਤ ਜਨਤਕ ਕਰਦੇ ਹਨ ਤਾਂ ਬਾਦਲ ਪਰਿਵਾਰ ਲਈ ਕਸੂਤੀ ਹਾਲਤ ਬਣ ਸਕਦੀ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਪਰਿਵਾਰ ਹੀ ਅਕਾਲੀ ਦਲ 'ਤੇ ਕਾਬਜ਼ ਹੈ। ਪਾਰਟੀ ਵਿੱਚ ਮੁਅੱਤਲ ਕਰਨ ਦੀ ਕਾਰਵਾਈ ’ਤੇ ਟਿੱਪਣੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜੋ ਫੈਸਲਾ ਲਿਆ ਹੈ, ਉਸ ਦੀ ਹੀ ਉਮੀਦ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਾਨੂੰ (ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ) ‘ਦੋਸ਼ ਪੱਤਰ’ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਨੋਟਿਸ ਮਿਲਣ ਤੋਂ ਬਾਅਦ ਹਰ ਦੋਸ਼ ਦਾ ਠੋਕਵਾਂ ਜਵਾਬ ਦੇਵਾਂਗੇ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਤਾਂ ਕਾਫੀ ਸਮਾਂ ਪਹਿਲਾਂ ਹੀ ਬਾਗੀ ਹੋ ਚੁੱਕੇ ਹਨ ਪਰ ਪਿਛਲੇ ਦਿਨੀਂ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫਾ ਦੇਣ ਤੋਂ ਬਾਅਦ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸੇਧਣਾ ਸ਼ੁਰੂ ਕਰ ਦਿੱਤਾ ਹੈ।