ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਗੱਠਜੋੜ 'ਤੇ ਯੂ-ਟਰਨ ਲੈ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਦਿੱਲੀ 'ਚ ਬੀਜੇਪੀ ਦੀ ਹਮਾਇਤ ਕੀਤੀ ਜਾਏਗੀ। ਸੁਖਬੀਰ ਅੱਜ ਦਿੱਲੀ ਵਿੱਚ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਮਿਲੇ। ਇਸ ਮਗਰੋਂ ਦੋਵਾਂ ਲੀਡਰਾਂ ਨੇ ਇਕੱਠੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਕਾਇਮ ਹੈ। ਸੁਖਬੀਰ ਨੇ ਐਲਾਨ ਕੀਤਾ ਕਿ ਅੱਜ ਤੋਂ ਸਾਰੇ ਵਰਕਰ ਬੀਜੇਪੀ ਦੇ ਹੱਕ ਵਿੱਚ ਡਟ ਜਾਣਗੇ। ਬੀਜੇਪੀ ਜਿੱਥੇ ਹੁਕਮ ਕਰੇਗੀ, ਉੱਥੇ ਹਾਜ਼ਰ ਹੋਵਾਂਗੇ। ਅਸੀਂ ਦਿਨ-ਰਾਤ ਮਿਹਨਤ ਕਰਕੇ ਬੀਜੇਪੀ ਨੂੰ ਕਾਮਯਾਬ ਬਣਾਵਾਂਗੇ।
ਨਰੇਂਦਰ ਮੋਦੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਬੀਜੇਪੀ ਸਰਕਾਰ ਕਰਕੇ ਹੀ ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲ੍ਹਿਆ। ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਬਹੁਤ ਪੁਰਾਣਾ ਹੈ। ਇਹ ਗੱਠਜੋੜ ਅੱਗੇ ਵੀ ਮਜ਼ਬੂਤੀ ਨਾਲ ਚੱਲੇਗਾ। ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਗੱਠਜੋੜ ਸਿਆਸੀ ਨਹੀਂ ਸਗੋਂ ਭਾਵਨਾਤਮਕ ਹੈ। ਸਾਡੇ ਵਿੱਚ ਰਾਬਤਾ ਦੀ ਘਾਟ ਸੀ, ਪਰ ਹੁਣ ਸਭ ਹੱਲ ਹੋ ਗਿਆ ਹੈ।