ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ 100 ਫੀਸਦ ਸਿੰਜਾਈ ਹੁੰਦੀ ਹੈ। ਪੰਜਾਬ 'ਚ ਦਰਿਆ ਅਤੇ ਨਹਿਰਾਂ ਮੌਜੂਦ ਹਨ ਪਰ ਖੇਤੀ ਲਈ 50 ਫੀਸਦ ਤੋਂ ਵੱਧ ਪਾਣੀ ਜ਼ਮੀਨ 'ਚੋਂ ਕੱਢ ਕੇ ਵਰਤਿਆ ਜਾਂਦਾ ਹੈ। ਇਹ ਬਹੁਤ ਹੀ ਅਜੀਬ ਹਾਲਾਤ ਹਨ। ਖੇਤੀ ਲਈ ਪਾਣੀ ਜ਼ਮੀਨ 'ਚੋਂ ਕੱਢਿਆ ਜਾਂਦਾ ਅਤੇ ਨਹਿਰੀ ਪਾਣੀ ਅੱਗੇ ਵੱਗ ਜਾਂਦਾ ਹੈ। ਇਹੀ ਕਾਰਨ ਹੈ ਕਿ ਫ਼ਸਲੀ ਪੈਟਰਨ ਵੀ ਬਦਲ ਗਿਆ ਹੈ। ਇੱਕ ਪਾਸੇ ਪਾਣੀ ਦੀ ਬੇਹੱਦ ਕਮੀ ਹੈ ਅਤੇ ਦੂਜੇ ਪਾਸੇ ਮਾਲਵੇ ਦਾ ਵੱਡਾ ਖਿੱਤਾ ਸੇਮ ਦੀ ਮਾਰ ਹੇਠ ਆ ਗਿਆ ਹੈ। ਪੰਜਾਬ ਵਿੱਚ ਪਾਣੀ ਦਾ ਜਿੰਨਾਂ ਮਾੜਾ ਪ੍ਰਬੰਧ ਹੋਇਆ ਹੈ, ਇੰਨਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਪਾਣੀ ਦੇ ਮਾੜੇ ਪ੍ਰਬੰਧ ਦੀ ਪੰਜਾਬ ਇੱਕ ਅਜੀਬ ਉਦਾਹਰਣ ਹੈ।
ਜਦੋਂ ਵੀ ਪਾਣੀਆਂ ਦੀ ਵੰਡ ਹੁੰਦੀ ਹੈ, ਉਦੋਂ ਸਿਰਫ ਦਰਿਆਈ ਪਾਣੀ ਵੰਡਣ ਦੀ ਗੱਲ ਤੁਰਦੀ ਹੈ ਪਰ ਕਿਸੇ ਵੀ ਥਾਂ 'ਤੇ ਪਾਣੀ ਸਿਰਫ ਦਰਿਆਵਾਂ ਜਾਂ ਨਹਿਰਾਂ ਵਿੱਚ ਹੀ ਨਹੀਂ ਹੁੰਦਾ। ਪਾਣੀ ਧਰਤੀ ਦੇ ਹੇਠ ਵੀ ਹੁੰਦਾ ਹੈ ਅਤੇ ਪਾਣੀ ਮੀਂਹ ਨਾਲ ਵੀ ਡਿੱਗਦਾ ਹੈ।ਇਸ ਲਈ ਦਰਿਆਈ ਪਾਣੀਆਂ ਦੀ ਵੰਡ ਕਰਨ ਸਮੇਂ ਧਰਤੀ ਹੇਠਲੇ ਅਤੇ ਬਰਸਾਤ ਨਾਲ ਡਿੱਗਣ ਵਾਲੇ ਪਾਣੀ ਦਾ ਵੀ ਹਿਸਾਬ ਲਾਉਣਾ ਪਵੇਗਾ। ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਇਸੇ ਪ੍ਰਸੰਗ 'ਚ ਦੇਖਣ ਦੀ ਲੋੜ ਹੈ। ਇਸ ਦੇ ਉਲਟ ਪਾਣੀਆਂ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।