ਇਸ ਫਸਲ ਨੇ ਕਿਸਾਨ ਨੂੰ ਭੁਲਾਈ ਕਣਕ, ਬਣਦਾ ਹੈ ਕਿਲ੍ਹੇ ਦਾ 5 ਲੱਖ

Tags

ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਦੇ ਕਿਸਾਨ ਬੰਤ ਸਿੰਘ ਨੇ ਝੋਨੇ ਤੇ ਕਣਕ ਦੀ ਫ਼ਸਲ ਦੇ ਚੱਕਰ ਵਿੱਚੋਂ ਨਿਕਲ ਕੇ ਵਿਦੇਸ਼ੀ ਡਰੈਗਨ ਫਲ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਬੰਤ ਸਿੰਘ ਨੇ ਮਹਿੰਗੇ ਭਾਅ 'ਤੇ ਵੇਚੀ ਜਾਣ ਵਾਲੀ ਲੱਕੜ ਵੀ ਖੇਤਾਂ ਵਿੱਚ ਉਗਾਈ ਹੈ। ਬੰਤ ਸਿੰਘ ਦਾ ਕਹਿਣਾ ਹੈ ਕਿ ਡਰੈਗਨ ਫਲ ਚੀਨ, ਸ਼੍ਰੀਲੰਕਾ ਤੇ ਗੁਜਰਾਤ ਰਾਹੀਂ ਪੰਜਾਬ ਵਿੱਚ ਪਹਿਲੀ ਵਾਰ ਉਸ ਕੋਲ ਆਇਆ ਹੈ। ਉਹ ਪਿਛਲੇ 3 ਸਾਲਾਂ ਤੋਂ ਲਗਾਤਾਰ ਇਸ ਫ਼ਲ ਦੀ ਖੇਤੀ ਕਰ ਰਿਹਾ ਹੈ। ਉਸ ਨੇ ਇੱਕ ਏਕੜ ਵਿੱਚ 500 ਤੋਂ ਵੱਧ ਖੰਭੇ ਲਗਾਏ ਹਨ ਤੇ ਉਸ ਉੱਤੇ ਡਰੈਗਨ ਫਲ ਦੀਆਂ ਵੇਲਾਂ ਚੜ੍ਹਾਈਆਂ ਹਨ। ਤਿੰਨ ਸਾਲਾਂ ਬਾਅਦ, ਇੱਕ ਵੇਲ ਵਿੱਚੋਂ ਤਕਰੀਬਨ 10 ਕਿਲੋ ਡਰੈਗਨ ਫਲ ਨਿਕਲਦਾ ਹੈ ਜੋ 100 ਤੋਂ 200 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।

ਇਸ ਤਰ੍ਹਾਂ ਕੋਈ ਵੀ ਕਿਸਾਨ ਤਿੰਨ ਸਾਲਾਂ ਵਿੱਚ ਲਗਪਗ 1500 ਰੁਪਏ ਇੱਕ ਵੇਲ ਤੋਂ ਕਮਾ ਸਕਦਾ ਹੈ। ਇਸ ਤਰ੍ਹਾਂ ਇੱਕ ਏਕੜ ਵਿੱਚੋਂ ਤਕਰੀਬਨ 5 ਲੱਖ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਇਹ ਪੌਦੇ 15 ਤੋਂ 20 ਸਾਲਾਂ ਤੱਕ ਲਗਾਤਾਰ ਫ਼ਸਲ ਪੈਦਾ ਕਰਦੇ ਹਨ। ਡਰੈਗਨ ਫਲ ਦੀ ਫ਼ਸਲ ਤਿਆਰ ਹੋਣ 'ਤੇ ਪ੍ਰਤੀ ਏਕੜ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਇਹ ਪੰਜਾਬ ਦੇ ਡਿੱਗ ਰਹੇ ਧਰਤੀ ਹੇਠਲੇ ਪਾਣੀ ਲਈ ਵੀ ਇੱਕ ਵਰਦਾਨ ਹੈ। ਬੰਤ ਸਿੰਘ ਚੰਦਨ, ਅਗਰਵੁੱਡ, ਮਹਾਗੁਨੀਆ ਆਦਿ ਲੱਕੜਾਂ ਦੀ ਖੇਤੀ ਵੀ ਕਰਦਾ ਹੈ। ਇਹ ਲੱਕੜ 5 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੋਂ ਲੈ ਕੇ 3 ਲੱਖ ਰੁਪਏ ਪ੍ਰਤੀ ਕਿੱਲੋ ਵਿਕਦੀ ਹੈ। ਡਰੈਗਨ ਫਲ ਕਿਸ ਦੇਸ਼ ਨਾਲ ਸਬੰਧਤ ਹੈ, ਇਸ ਦੀ ਕੋਈ ਪੁਖਤਾ ਜਾਣਕਾਰੀ ਮਜੂਦ ਨਹੀਂ, ਪਰ ਇਹ ਸ਼ਾਇਦ ਕੇਂਦਰੀ ਅਮਰੀਕਾ ਦਾ ਮੂਲ ਹੈ।

ਇਸ ਨੂੰ ਮੈਕਸੀਕੋ ਵਿੱਚ ਪਿਤਹਾਯਾ ਤੇ ਕੇਂਦਰੀ 'ਤੇ ਉੱਤਰ ਦੱਖਣੀ ਅਮਰੀਕਾ ਵਿੱਚ ਪਿਟਾਇਆ ਰੋਜ਼ਾ ਵੀ ਕਿਹਾ ਜਾਂਦਾ ਹੈ। ਬੰਤ ਸਿੰਘ ਜੋ ਪਹਿਲਾਂ ਝੋਨੇ ਤੇ ਕਣਕ ਦੀ ਖੇਤੀ ਕਰਦਾ ਸੀ, ਹੁਣ ਉਨਤ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਕਿਸਾਨ ਬੰਤ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਵਿੱਚ ਇੱਕ ਨਰਸਰੀ ਹੈ ਜਿਸ ਵਿੱਚ ਡਰੈਗਨ ਫਲ ਦੀਆਂ ਵੇਲਾਂ ਤੇ ਕਈ ਕਿਸਮਾਂ ਦੀ ਮਹਿੰਗੇ ਭਾਅ ਦੀ ਲੱਕੜ ਦੇ ਪੌਦੇ ਹਨ। ਉਸ ਨੇ ਦੱਸਿਆ ਕਿ ਡਰੈਗਨ ਫਲ ਦਾ ਬੂਟਾ ਨਰਸਰੀ ਵਿੱਚ 2 ਤੋਂ 3 ਮਹੀਨਿਆਂ ਵਿੱਚ ਤਿਆਰ ਹੋ ਜਾਂਦਾ ਹੈ। ਇਹ ਫਲ 200 ਰੁਪਏ ਪ੍ਰਤੀ ਕਿਲੋ ਤੱਕ ਵਿਕਦਾ ਹੈ।

ਡਰੈਗਨ ਫਲ ਫਰਵਰੀ ਵਿੱਚ ਹੁੰਦਾ ਹੈ ਤੇ ਅਗਸਤ ਤੱਕ ਤਿਆਰ ਹੋ ਜਾਂਦਾ ਹੈ। ਦਸੰਬਰ ਤੱਕ ਇਸ ਫਲ ਦੀ ਕਟਾਈ ਖ਼ਤਮ ਹੋ ਜਾਂਦੀ ਹੈ। ਬੰਤ ਸਿੰਘ ਨੇ ਦੱਸਿਆ ਕਿ ਚੰਦਨ ਦੀ ਖੇਤੀ ਵੀ ਪੰਜਾਬ ਵਿੱਚ ਸਫ਼ਲ ਹੈ ਤੇ ਇੱਕ ਪੌਦਾ 2 ਤੋਂ 3 ਲੱਖ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ। ਬੰਤ ਸਿੰਘ ਨੇ ਕਿਹਾ ਅੱਜ ਝੋਨੇ ਦੀ ਫ਼ਸਲ ਪੰਜਾਬ ਦਾ ਪਾਣੀ ਬਰਬਾਦ ਕਰ ਰਹੀ ਹੈ ਜੋ ਵੱਡੀ ਸਮੱਸਿਆ ਬਣ ਰਹੀ ਹੈ। ਉਸ ਨੇ ਦੱਸਿਆ ਕਿ ਡਰੈਗਨ ਫਲ ਦੀ ਸਿੰਜਾਈ ਡ੍ਰਿਪ ਰਾਹੀਂ ਕੀਤੀ ਜਾਂਦੀ ਹੈ ਤੇ ਗਰਮੀਆਂ ਵਿੱਚ ਵੀ ਇਸ ਨੂੰ ਮਹੀਨੇ ਵਿੱਚ ਇੱਕ ਵਾਰ ਹੀ ਸਿੰਜਣਾ ਪੈਂਦਾ ਹੈ।ਬੰਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਕਿਸਾਨ ਉਸ ਕੋਲ ਇਸ ਖੇਤੀ ਦੀ ਜਾਣਕਾਰੀ ਲਈ ਆਉਂਦੇ ਹਨ।

ਅੱਜ ਪੰਜਾਬ ਦੇ ਕਿਸਾਨਾਂ ਨੂੰ ਅਜਿਹੀਆਂ ਲਾਹੇਵੰਦ ਫਸਲਾਂ ਤਿਆਰ ਕਰਨੀਆਂ ਚਾਹੀਦੀਆਂ ਹਨ ਜੋ ਪੰਜਾਬ ਦੇ ਹਵਾ ਤੇ ਪਾਣੀ ਲਈ ਵੀ ਲਾਭਕਾਰੀ ਸਿੱਧ ਹੋ ਸਕਣ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਅਜਿਹੀ ਉੱਨਤ ਖੇਤੀਬਾੜੀ ਕਰਨ ਲਈ ਪ੍ਰੇਰਿਤ ਕਰੇ। ਬੰਤ ਸਿੰਘ ਡਰੈਗਨ ਫਲ ਦੇ ਖੰਭਿਆਂ ਵਿਚਕਾਰ ਮਹਿੰਗੀ ਲੱਕੜ ਜਿਵੇਂ ਮਹਾਗੁਨੀਆ ਦੀ ਖੇਤੀ ਵੀ ਕਰਦਾ ਹੈ, ਇਹ ਇੱਕ ਅਜਿਹਾ ਦਰਖ਼ਤ ਹੈ ਜੋ 10 ਸਾਲਾਂ ਵਿੱਚ ਉੱਗਦਾ ਹੈ ਜੋ ਕਿਸਾਨ ਲਈ ਇੱਕ ਐਫਡੀ ਦੇ ਬਰਾਬਰ ਹੈ। ਇਸ ਦੀ ਕੀਮਤ ਲਗਪਗ 70 ਤੋਂ 80 ਲੱਖ ਰੁਪਏ ਹੋ ਜਾਂਦੀ ਹੈ।