ਦੇਖੋ ਪੰਜਾਬ ਵਿੱਚ ਕਦੋਂ ਰੁਕੇਗਾ ਮੀਂਹ ਤੇ ਅੱਗੇ ਕਿਹੋ ਜਿਹਾ ਰਹੇਗਾ ਮੌਸਮ

Tags

ਬਾਰਸ਼ ਤੇ ਤੇਜ਼ ਹਨ੍ਹੇਰੀ ਨੇ ਪੰਜਾਬ ਦਾ ਪਾਰਾ ਡੇਗ ਦਿੱਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੰਘੀ ਰਾਤ ਵੀ ਬਾਰਸ਼ ਹੁੰਦੀ ਰਹੀ। ਇਸ ਦੇ ਨਾਲ ਹੀ ਤੇਜ਼ ਹਵਾ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ 11 ਤੋਂ 13 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਲਈ ਅੱਜ ਵੀ ਬਾਰਸ਼ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ।

ਮੌਸਮ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ।  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ।  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਇਸ ਵਾਰ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਬਾਰਸ਼ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਘਟ ਕੇ 12 ਤੋਂ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।