ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਨੇ ਬਾਦਲਾਂ ਨੂੰ ਦਿੱਤਾ ਝਟਕਾ

Tags

ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਅੱਜ ਇੱਕ ਵਾਰ ਫਿਰ ਸੀਬੀਆਈ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਸੀਬੀਆਈ ਦੇ ਛੇ ਅਧਿਕਾਰੀ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁਹੰਚੇ। ਇੱਥੋਂ ਹੀ ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ। ਕਾਬਲੇਗੌਰ ਹੈ ਕੀ ਕੁਝ ਮਹੀਨੇ ਪਹਿਲਾਂ ਸੀਬੀਆਈ ਵੱਲੋਂ ਆਪਣੀ ਕਲੋਜ਼ਰ ਰਿਪੋਰਟ ਪੇਸ਼ ਕਰ ਇਸ ਕੇਸ ਵਿੱਚ ਆਪਣੇ ਆਪ ਨੂੰ ਲਾਂਭੇ ਕਰਨ ਲਈ ਅਦਾਲਤ ਵਿੱਚ ਪੱਖ ਰੱਖਿਆ ਸੀ। ਇਸ ਮਗਰੋਂ ਸੀਬੀਆਈ ਦੀ ਕਾਰਜਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ।

ਜਾਂਚ ਨੂੰ ਅਧੂਰਾ ਮੰਨਿਆ ਗਿਆ ਸੀ ਪਰ ਬਾਅਦ ਵਿੱਚ ਸੀਬੀਆਈ ਵੱਲੋਂ ਅਰਜ਼ਾ ਦਾਇਰ ਕਰਕੇ ਇਸ ਮਾਮਲੇ ਦੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ। ਇਸ ਦੇ ਚੱਲਦੇ ਹੀ ਅੱਜ ਸੀਬੀਆਈ ਜਾਂਚ ਸ਼ੁਰੂ ਕਰਦਿਆਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪੁਹੰਚੀ। ਅੱਜ ਅਧਿਕਾਰੀਆਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਗੋਰਾ ਸਿੰਘ ਤੋਂ ਜਾਣਕਾਰੀ ਲੈਣ ਲਈ ਕੁਝ ਸਵਾਲ ਕੀਤੇ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਖ਼ਜ਼ਾਨਚੀ ਬੀਬੀ ਪ੍ਰੀਤਮ ਕੌਰ ਤੋਂ ਇਲਾਵਾ ਇੱਕ ਹੋਰ ਵਿਅਕਤੀ ਰਣਜੀਤ ਸਿੰਘ ਤੋਂ ਵੀ ਜਾਣਕਾਰੀ ਹਾਸਲ ਕੀਤੀ। ਕਰੀਬ ਦੋ ਘੰਟੇ ਤੱਕ ਸੀਬੀਆਈ ਦੇ ਅਧਿਕਾਰੀਆਂ ਵੱਲੋਂ ਗੁਰਦੁਆਰੇ ਸਾਹਿਬ ਵਿੱਚ ਹੀ ਲੋਕਾਂ ਨਾਲ ਗੱਲਬਾਤ ਕੀਤੀ ਗਈ।

ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੋਰਾ ਸਿੰਘ ਨੇ ਦੱਸਿਆ ਕਿ ਅੱਜ ਸੀਬੀਆਈ ਅਧਿਕਾਰੀ ਆਏ ਸੀ, ਜਿਨ੍ਹਾਂ ਨੇ ਪੁੱਛਗਿਛ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਬਾਰੇ ਹੀ ਸਵਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਿਸ ਦਿਨ ਸਰੂਪ ਚੋਰੀ ਹੋਇਆ, ਉਸ ਦਿਨ ਉਹ ਪਿੰਡ ਦੇ ਇੱਕ ਘਰ ਵਿੱਚ ਪਾਠ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਅੱਜ ਤੱਕ ਪੁਲਿਸ, ਸਿੱਟ, ਜਾਂਚ ਕਮਿਸ਼ਨ ਤੇ ਸੀਬੀਆਈ ਵੱਲੋਂ ਪੁੱਛਗਿਛ ਹੋ ਚੁੱਕੀ ਹੈ। ਉਸ ਤੇ ਉਸ ਦੀ ਪਤਨੀ ਨੂੰ ਕਾਫ਼ੀ ਟਾਰਚਰ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਨਵਾਂ ਸਵਾਲ ਨਹੀਂ ਕੀਤਾ ਗਿਆ।