ਫਸਣਗੇ ਬਾਦਲ ਤੇ ਮਜੀਠੀਆ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ

Tags

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦਾ ਘੈਂਗਸਟਾਰਾਂ ਨਾਲ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਤਹਿ ਤੱਕ ਜਾਣਗੇ ਤੇ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਯਾਦ ਰਹੇ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਇਲਜ਼ਾਮ ਲਾ ਰਹੇ ਹਨ ਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਜੇਲ੍ਹਾਂ ਵਿੱਚ ਬੈਠੇ ਘੈਂਗਸਟਾਰਾਂ ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਮਜੀਠੀਆ ਨੇ ਰੰਧਾਵਾ ਨਾਲ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕਰਕੇ ਗੰਭੀਰ ਇਲਜ਼ਾਮ ਲਾਏ ਸੀ।

ਅਕਾਲੀ ਦਲ ਇਸ ਮਾਮਲੇ ਨੂੰ ਰਾਜਪਾਲ ਕੋਲ ਵੀ ਲੈ ਕੇ ਗਿਆ ਹੈ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਆਦੇਸ਼ ਦਿੱਤੇ ਸੀ ਪਰ ਅਕਾਲੀ ਦਲ ਨੇ ਇਹ ਜਾਂਚ ਰੱਦ ਕਰ ਦਿੱਤੀ ਸੀ। ਅੱਜ ਕੈਪਟਨ ਨੇ ਅਕਾਲੀ ਦਲ ਖਿਲਾਫ ਸਖਤ ਸੰਕੇਤ ਦਿੰਦਿਆਂ ਬਾਦਲ ਪਰਿਵਾਰ ਤੇ ਮਜੀਠੀਆ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ। ਇਨ੍ਹਾਂ ਤਸਵੀਰਾਂ ਵਿੱਚ ਬਾਦਲ ਪਰਿਵਾਰ ਨਾਲ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਜ਼ਰ ਆ ਰਿਹਾ ਹੈ। ਪੁਲਿਸ ਮੁਤਾਬਕ ਬਿੱਟੂ ਖਿਲਾਫ ਕਈ ਕੇਸ ਦਰਜ ਹਨ। ਕੈਪਟਨ ਨੇ ਕਿਹਾ ਕਿ ਰੰਧਾਵਾ ਖਿਲਾਫ ਕੋਈ ਸਬੂਤ ਨਹੀਂ। ਅਕਾਲੀ ਲੀਡਰ ਆਪਣੇ ਆਪ ਨੂੰ ਬਚਾਉਣ ਲਈ ਦਬਾਅ ਦੀ ਰਾਜਨੀਤੀ ਖੇਡ ਰਹੇ ਹਨ।