ਮਾਲਵੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਖ਼ੁਸ਼ੀਆਂ ਦੇ ਮੌਕਿਆਂ, ਧਾਰਮਿਕ ਸਮਾਗਮਾਂ, ਮੇਲਿਆਂ, ਛਿੰਝਾਂ, ਇਕੱਠਾਂ ਤੇ ਡੇਰਿਆਂ ਵਿਚ ਕਵੀਸ਼ਰੀ ਗਾਉਣ ਦੀ ਅਮੀਰ ਪਰੰਪਰਾ ਹੈ। ਕਵੀਸ਼ਰੀ ਉੱਚੀ ਹੇਕ ਵਿਚ ਗਾਈ ਜਾਣ ਕਰਕੇ ਇਹ ਲੋਕ-ਮਨ ਦੀ ਤ੍ਰਿਪਤੀ ਦਾ ਸਾਧਨ ਬਣੀ, ਜਿਸ ਨੇ ਲੋਕਾਂ ਦੇ ਮਨਾਂ ਅੰਦਰ ਸੁਹਜ ਰਸ ਪੈਦਾ ਕੀਤਾ। ਚੰਗਾ ਕਵੀਸ਼ਰ ਉਹ ਹੀ ਮੰਨਿਆ ਜਾਂਦਾ ਹੈ ਜੋ ਆਪ ਲਿਖਦਾ ਅਤੇ ਆਪ ਹੀ ਗਾਉਂਦਾ ਹੈ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਇਸ ਵਿਲੱਖਣਤਾ ਤੇ ਵਿਸ਼ੇਸ਼ਤਾ ਦਾ ਧਾਰਨੀ ਬਣਦਾ ਹੈ। ਇਸ ਕਵੀਸ਼ਰ ਤੇ ਕਿੱਸਾਕਾਰ ਦਾ ਜਨਮ 28 ਜੂਨ, 1916 ਨੂੰ ਪਿੰਡ ਮਹਿਰਾਜ ਆਪਣੇ ਨਾਨਕੇ ਘਰ ਵਿਖੇ ਹੋਇਆ।
ਪਾਰਸ ਨੇ ਪਿੰਡ ਦੇ ਡੇਰੇ ਦੇ ਮਹੰਤ ਕ੍ਰਿਸ਼ਨਾ ਨੰਦ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਘਰ ਵਿਚ ਦਾਦੇ ਵੱਲੋਂ ਸੰਭਾਲੇ ਹੋਏ ਕਿੱਸਿਆਂ ਨੂੰ ਪੜ੍ਹਦਿਆਂ ਉਸਦੇ ਮਨ ਵਿਚ ਤੁਕਬੰਦੀ ਨੂੰ ਜੋੜਨ ਦੀ ਚੇਟਕ ਪੈਦਾ ਹੋਈ। ਫਿਰ ਉਸਨੇ ਆਪਣੀ ਕਵੀਸ਼ਰੀ ਅਤੇ ਕਿੱਸਾਕਾਰੀ ਦੀ ਕਲਾ ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਸਾਹਿਤ ਦੀ ਇਸ ਵੰਨਗੀ ਦੇ ਸੰਦਰਭ ਵਿਚ ਦਿੱਤੇ ਵਡਮੁੱਲੇ ਯੋਗਦਾਨ ਸਦਕਾ ਪਾਰਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 1985 ਦੌਰਾਨ ‘ਸ਼੍ਰੋਮਣੀ ਕਵੀਸ਼ਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।