ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ 'ਚ ਨਵਜੋਤ ਸਿੰਘ ਸਿੱਧੂ ਦੀ ਸਾਰਥਕ ਭੂਮਿਕਾ ਦੀ ਚਰਚਾ ਨਾਨਕ ਨਾਮ ਲੇਵਾ ਸੰਗਤ 'ਚ ਪੂਰੀ ਜ਼ੋਰਾਂ 'ਤੇ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਮਲੇ 'ਚ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਨੁੱਕਰੇ ਲਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਈ ਰੱਖਿਆ ਪਰ ਸਿੱਧੂ ਪ੍ਰਸ਼ੰਸਕਾਂ ਨੇ ਉਸ ਨੂੰ ਉਭਾਰਨ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ। 72 ਸਾਲਾਂ ਤੋਂ ਹੁੰਦੀਆਂ ਆ ਰਹੀਆਂ ਅਰਦਾਸਾਂ ਸਦਕਾ ਹੀ ਸਿੱਧੂ ਅਤੇ ਇਮਰਾਨ ਖਾਨ ਦਾ ਸੁਮੇਲ ਹੋਇਆ ਤਾਂ ਜ਼ਰੂਰ ਮੰਨਿਆ ਜਾ ਸਕਦਾ ਹੈ ਪਰ ਜੇਕਰ ਕੋਈ ਹੋਰ ਸਿਆਸਤਦਾਨ ਇਸ ਦਾ ਸਿਆਸੀ ਲਾਹਾ ਲੈਣ ਲਈ ਨਵਜੋਤ ਸਿੰਘ ਸਿੱਧੂ ਨੂੰ ਪਰੇ ਧਕੇਲੇ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਪ੍ਰਸ਼ੰਸਕਾਂ ਨੇ ਕਿਹਾ ਕਿ ਸਿੱਧੂ ਨਾਲ ਜਿੰਨੇ ਵੀ ਅਜਿਹੇ ਵਿਅਕਤੀ ਖਾਰ ਖਾਣਗੇ, ਨਵਜੋਤ ਦੀ ਸ਼ਖਸੀਅਤ 'ਚ ਓਨਾ ਹੀ ਨਿਖਾਰ ਆਵੇਗਾ, ਇਸ ਲਈ ਇਸ ਅਹਿਮ ਕਾਰਜ 'ਤੇ ਨਵਜੋਤ ਸਿੱਧੂ ਦੀ ਭੂਮਿਕਾ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ, ਸਗੋਂ ਸਿੱਧੂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਵੱਲੋਂ ਮਾਣ-ਸਤਿਕਾਰ ਦੇ ਕੇ ਨਾਨਕਨਾਮ ਲੇਵਾ ਸੰਗਤ 'ਚ ਨਵਜੋਤ ਸਿੱਧੂ ਪ੍ਰਤੀ ਠਾਠਾਂ ਮਾਰਦੇ ਸਤਿਕਾਰ ਨੂੰ ਹੋਰ ਬਹਾਲ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਜਿਸ ਦੇਸ਼ 'ਚ ਉਸ ਨੂੰ ਇਕ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ, ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਸ ਨੂੰ ਪਲਕਾਂ 'ਤੇ ਬਿਠਾ ਕੇ ਲਾਂਘਾ ਖੋਲ੍ਹਣ ਦਾ ਪ੍ਰਮੁੱਖ ਸੂਤਰਧਾਰ ਸਾਬਤ ਵੀ ਕੀਤਾ।