ਭਾਵੇਂ ਕਿ ਪ੍ਰਤਾਪ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਕੈਪਟਨ ਖ਼ਿਲਾਫ਼ ਮੋਰਚਾ ਖੋਲੀ ਬੈਠੇ ਹਨ ਪਰ ਤਾਜ਼ਾ ਹਾਲਾਤਾਂ ਵਿੱਚ ਤਾਂ ਹੁਣ ਦੋਵਾਂ ਵਿਚਲੀ ਬਿਆਨਬਾਜ਼ੀ ਤਲਖ਼ ਕਲਾਮੀ ਤੱਕ ਪਹੁੰਚ ਗਈ ਹੈ। 9 ਨਵੰਬਰ ਨੂੰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਤੋਂ ਬਾਅਦ ਪਹਿਲੇ ਜੱਥੇ ਵਿੱਚ ਕਰਤਾਰਪੁਰ ਸਾਹਿਬ ਜਾਣ ਨੂੰ ਲੈ ਕੇ ਬਾਜਵਾ ਅਤੇ ਕੈਪਟਨ ਵਿੱਚ ਬਿਆਨਬਾਜ਼ੀ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇਕਰ ਕਰਤਾਰਪੁਰ ਸਾਹਿਬ ਜਾਣਾ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਜੱਥੇ ਵਿੱਚ ਕਦੇ ਵੀ ਨਹੀਂ ਜਾਣਗੇ।
ਬਾਜਵਾ ਨੇ ਕਿਹਾ ਹੈ ਕਿ ਕੈਪਟਨ ਪਹਿਲਾਂ ਵੀ ਬਾਦਲਾਂ ਨਾਲ ਰਹੇ ਹਨ ਇਸ ਲਈ ਅਕਾਲੀਆ ਦੀ ਯਾਦ ਆਉਂਦੀ ਰਹਿੰਦੀ ਹੈ। ਜੇਕਰ ਗੱਲ ਕਰੀਏ ਤਾਂ ਇਸ ਵੇਲੇ ਜਦੋਂ ਕਿ ਪੰਜਾਬ ਸਰਕਾਰ ਅਤੇ ਪਾਰਟੀ ਵਿੱਚ ਕੈਪਟਨ ਦਾ ਪੂਰਾ ਬੋਲਬਾਲਾ ਹੈ ਤਾਂ ਅਜਿਹੇ ਵਿੱਚ ਬਾਜਵਾ ਦੀ ਦਲੇਰੀ ਹੀ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ-ਸਿੱਧਾ ਪੰਗਾ ਲੈ ਲੈਂਦੇ ਹਨ। ਇਹ ਵੀ ਵੇਖਣ ਵਿੱਚ ਮਿਲਿਆ ਹੈ ਕਿ ਬਾਜਵਾ ਹੀ ਅਜਿਹੇ ਸ਼ਖ਼ਸ ਹਨ ਜਿੰਨਾ ਤੇ ਕੈਪਟਨ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਵਾਈ ਜਾ ਸਕੀ ਹੈ ਨਹੀਂ ਤਾਂ ਆਪਣੇ ਸਿਆਸੀ ਵਿਰੋਧੀ ਨੂੰ ਸਿਆਸਤ ਵਿੱਚ ਬੀਜਣ ਲਈ ਕੈਪਟਨ ਮਸ਼ਹੂਰ ਹਨ।
ਬਾਜਵਾ ਦਾ ਕਹਿਣਾ ਹੈ ਕਿ ਉਹ ਇੱਕ ਨਿਮਾਣੇ ਸ਼ਰਧਾਲੂ ਵਾਂਗ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ ਨਾ ਕਿ ਕੈਪਟਨ ਦੇ ਥੱਲੇ ਲੱਗ ਕੇ। ਓਧਰ ਬਾਜਵਾ ਦੇ ਬਿਆਨ ਤੇ ਕੈਪਟਨ ਨੇ ਵੀ ਪਲਟਵਾਰ ਕਰਦਿਆਂ ਬਾਜਵਾ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਤੇ ਕਹਿ ਦਿੱਤਾ ਕਿ ਜੇਕਰ ਬਾਜਵਾ ਮੇਰੀ ਅਗਵਾਈ ਵਾਲੇ ਵਫ਼ਦ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਅਕਾਲੀਆਂ ਨਾਲ ਚਲੇ ਜਾਣ। ਕੈਪਟਨ ਦੇ ਬਿਆਨ ਤੋਂ ਬਾਅਦ ਬਾਜਵਾ ਕਿਥੋਂ ਘੱਟ ਸਨ ਕਿ ਉਹ ਮੁੜ ਜਵਾਬ ਨਾ ਦਿੰਦੇ। ਬਾਜਵਾ ਨੇ ਕੈਪਟਨ ਨੂੰ ਤਿੱਖਾ ਜਵਾਬ ਦਿੰਦਿਆਂ ਕੈਪਟਨ ਤੇ ਅਕਾਲੀਆਂ ਨਾਲ ਮਿਲੇ ਹੋਣ ਦਾ ਹੀ ਇਲਜ਼ਾਮ ਲਗਾ ਦਿੱਤਾ।