ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ 'ਚ ਅਹਿਮ ਰੋਲ ਨਿਭਾਅ ਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਖ ਕੋਮ ਦੀਆਂ ਨਜ਼ਰਾ 'ਚ ਹੀਰੋ ਬਣ ਗਏ ਹਨ, ਜੇਕਰ ਸਿੱਧੂ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਲਈ ਆਏ ਤਾਂ ਅਸੀਂ ਉਸ ਨੂੰ ਨੰਗੇ ਪੈਰੀਂ ਲੈਣ ਜਾਵਾਂਗੇ। ਇਹ ਵਿਚਾਰ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮੁਪਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟਾਏ। ਇਸ ਦੌਰਾਨ ਬ੍ਰਹਮਪੁਰਾ ਨੂੰ ਜਦੋਂ ਪੁੱਛਿਆ ਗਿਆ ਕਿ ਸਿੱਧੂ ਨੂੰ ਆਗਾਮੀ ਵਿਧਾਨ ਸਭਾ ਚੋਣਾਂ 'ਚ ਟਕਸਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਹਿਰਾ ਵੀ ਬਣਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਦੇ ਨੇੜੇ ਬੈਠੇ ਸਾਬਕਾ ਮੈਂਬਰ ਪਾਰਲੀਮੈਂਟ ਡਾ.ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਪੱਤਰਕਾਰ ਸਾਹਿਬ ਤੁਸੀਂ ਸਾਡੀ ਸਿੱਧੂ ਨਾਲ ਮੁਲਾਕਾਤ ਕਰਵਾ ਦਿਓ ਜੋ ਕਹੋਗੇ ਬਣਾ ਦਿਆਂਗੇ।
ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਜਲਦ ਚੋਣਾਂ ਕਰਵਾਉਣ ਦੀ ਅਪੀਲ ਕਰਾਂਗੇ। ਬ੍ਰਹਮਪੁਰਾ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕਾਗਰਸ ਦੀ ਸਰਕਾਰ ਬਨਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ 4 ਹਫਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਵਾਗਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਵਾਂਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕਿਆ।