ਕਮਿਸ਼ਨਰ ਲੈ ਰਿਹਾ ਸੀ ਰਿਸ਼ਵਤ, ਬੈਂਸ ਨੇ ਦਫਤਰ ਵਿੱਚ ਜਾ ਕੇ ਦੱਬ ਲਿਆ

Tags

ਕਮਿਸ਼ਨਰ ਆਫ ਪੁਲਿਸ (ਸੀਪੀ) ਰਾਕੇਸ਼ ਅਗਰਵਾਲ ਦੇ ਦਫ਼ਤਰ 'ਚ ਤਾਇਨਾਤ ਮੁਲਾਜ਼ਮ ਨੂੰ ਇਕ ਵਪਾਰੀ ਤੋਂ ਪਟਾਕਾ ਗੁਦਾਮ ਦੀ ਐੱਨਓਸੀ ਦੇਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਫ਼ਤਰ ਪਹੁੰਚ ਕੇ ਮੁਲਾਜ਼ਮ ਤੋਂ ਰਿਸ਼ਵਤ ਦੇ 10,000 ਰੁਪਏ ਵਾਪਸ ਕਰਵਾਏ ਤੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ। ਨਾਲ ਹੀ ਉਨ੍ਹਾਂ ਤੁਰੰਤ ਮਾਮਲੇ ਦੀ ਸ਼ਿਕਾਇਤ ਤੇ ਵੀਡੀਓ ਸੀਪੀ ਨੂੰ ਸੌਂਪੀ। ਵਿਧਾਇਕ ਬੈਂਸ ਦਾ ਕਹਿਣਾ ਹੈ ਕਿ ਇਕ ਪਾਸੇ ਪੁਲਿਸ ਮੁਕਤ ਸਮਾਜ 'ਚ ਜਿਊਣ ਦੀ ਗੱਲ ਕਰ ਰਹੀ ਹੈ ਤੇ ਦੂਸਰੇ ਪਾਸੇ ਕਮਿਸ਼ਨਰ ਆਫ ਪੁਲਿਸ ਦੇ ਦਫ਼ਤਰ 'ਚ ਹੀ ਸ਼ਰੇਆਮ ਰਿਸ਼ਵਤ ਲਈ ਜਾ ਰਹੀ ਹੈ।

ਉਨ੍ਹਾਂ ਸੀਪੀ ਤੋਂ ਮੰਗ ਕੀਤੀ ਕਿ ਮੁਲਾਜ਼ਮ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।ਜਾਣਕਾਰੀ ਅਨੁਸਾਰ ਰਣਜੀਤ ਸਿੰਘ ਨਾਂ ਦੇ ਵਪਾਰੀ ਦੀ ਪਟਾਕਾ ਫੈਕਟਰੀ ਹੈ। ਉਸ ਨੇ ਗੁਦਾਮ ਬਣਾਉਣ ਲਈ ਐੱਨਓਸੀ ਲੈਣੀ ਸੀ। ਇਸ ਦੇ ਲਈ ਉਹ ਸਬੰਧਤ ਬ੍ਰਾਂਚ ਗਿਆ ਸੀ ਜਿੱਥੇ ਦਿਲਬਾਗ਼ ਸਿੰਘ ਨਾਂ ਦੇ ਇਕ ਮੁਲਾਜ਼ਮ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ। ਉਸ ਨੇ ਇਸ ਬਾਰੇ ਵਿਧਾਇਕ ਸਿਮਰਜੀਤ ਬੈਂਸ ਨੂੰ ਦੱਸਿਆ ਤੇ ਪੂਰੀ ਯੋਜਨਾ ਤਹਿਤ ਮੁਲਾਜ਼ਮ ਨੂੰ 10,000 ਰੁਪਏ ਦੀ ਰਿਸ਼ਵਤ ਵੀ ਦੇ ਦਿਉ। ਇਸ ਤੋਂ ਬਾਅਦ ਬੈਂਸ ਆਪਣੇ ਸਾਥੀਆਂ ਸਮੇਤ ਦਫ਼ਤਰ ਪਹੁੰਚੇ ਤੇ ਮੁਲਾਜ਼ਮ ਨੂੰ ਫੜ ਲਿਆ। ਇਸ ਤੋਂ ਬਾਅਦ ਵਪਾਰੀ ਦੇ ਪੈਸੇ ਵਾਪਸ ਕਰਵਾਏ ਗਏ ਤੇ ਮੁਲਾਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ।