ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਸਿਆਸੀ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਸਾਂਝੀਵਾਲਤਾ ਦੇ ਉਪਦੇਸ਼ ਅੱਗੇ ਸਿਰ ਝਕਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਫੀਸ ਨਹੀਂ ਹਟਾਉਦੀ ਤਾਂ ਫਿਰ ਕੇਂਦਰ ਦੀ ਭਾਜਪਾ ਸਰਕਾਰ ਜਾਂ ਫਿਰ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਸੰਗਤ ਦੀ ਫੀਸ ਨੂੰ ਸਰਕਾਰੀ ਖਜ਼ਾਨੇ 'ਚਂੋ ਅਦਾ ਕੀਤਾ ਜਾਵੇ ਤਾਂ ਜੋ ਹਰ ਕੋਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ।
ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਵਜੋਤ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾਈ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਕ ਮੰਚ 'ਤੇ ਇਕੱਠਾ ਕਰੇ। ਇਸ ਮੌਕੇ ਉਨ੍ਹਾਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਤੋਂ ਉਕਤ ਸਰਕਾਰ ਵੱਲੋਂ ਲਾਈ 20 ਅਮਰੀਕੀ ਡਾਲਰ ਦੀ ਫੀਸ ਨੂੰ ਹਟਾਇਆ ਜਾਵੇ। ਇਸ ਸਮੇਂ ਉਨ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਾਹਮਣੇ ਵੀ ਮੰਗ ਉਠਾਈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਉਹ ਪਾਕਿਸਤਾਨ ਦੀ ਯਾਤਰਾ 'ਤੇ ਜਾਣ ਤਾਂ ਪਾਕਿਸਤਾਨ ਦੀ ਸਰਕਾਰ ਅੱਗੇ ਫੀਸ ਦਾ ਮਾਮਲਾ ਜਰੂਰ ਉਠਾਉਣ।