ਭਗਵੰਤ ਮਾਨ ਵੀ ਹੋ ਗਿਆ ਹੈਰਾਨ, ਹੋਇਆ ਉਹ ਹੀ, ਜੋ ਕੁੱਝ ਖਹਿਰਾ ਨੇ ਪਰਸੋਂ ਕਿਹਾ ਸੀ

Tags

ਪੰਜਾਬ ਦੇ ਲੋਕਾਂ ਨੇ ਇੱਕ ਵਾਰ ਮੁੜ ਆਮ ਆਦਮੀ ਪਾਰਟੀ ਨੂੰ ਨਾਕਾਰ ਦਿੱਤਾ ਹੈ। ਚਾਰ ਹਲਕਿਆਂ ਦੀ ਜ਼ਿਮਨੀ ਚੋਣ ਵਿੱਚ 'ਆਪ' ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਦਾਖਾ ਹਲਕੇ ਦੇ ਵੋਟਰਾਂ ਨੇ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਉਮੀਦਵਾਰ ਐਚਐਸ ਫੂਲਕਾ ਨੂੰ ਚੁਣਿਆ ਸੀ। 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਮੁਕੇਰੀਆਂ, ਜਲਾਲਾਬਾਦ ਤੇ ਫਗਵਾੜਾ ਵਿੱਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਵਿੱਚ ਚਾਰੇ ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ।

ਪਾਰਟੀ ਦੇ ਫਗਵਾੜਾ ਤੋਂ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ ਮਹਿਜ਼ 2,910 ਵੋਟਾਂ ਹੀ ਮਿਲੀਆਂ ਹਨ ਜਦਕਿ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ 9,088 ਵੋਟਾਂ ਲੈ ਗਏ। ਇਸ ਵਾਰ 'ਆਪ' ਆਪਣੀ ਇਹ ਸੀਟ ਵੀ ਨਹੀਂ ਬਚਾ ਸਕੀ। ਦਰਅਸਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 'ਆਪ' ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਵੀ 'ਆਪ' ਸਿਰਫ ਇੱਕ ਸੀਟ ਜਿੱਤ ਸਕੀ ਸੀ। ਇਸ ਤੋਂ ਇਲਾਵਾ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ 'ਆਪ' ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਇਸੇ ਤਰ੍ਹਾਂ ‘ਆਪ’ ਦੇ ਮੁਕੇਰੀਆਂ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਸਿਰਫ 8,261 ਵੋਟਾਂ ਨਸੀਬ ਹੋਈਆਂ ਤੇ ਜਲਾਲਾਬਾਦ ਹਲਕੇ ਵਿੱਚ ਵੀ ‘ਆਪ’ ਦੇ ਉਮੀਦਵਾਰ ਮੋਹਿੰਦਰ ਸਿੰਘ ਨੂੰ 11,301 ਵੋਟਾਂ ’ਚ ਹੀ ਸੰਤੁਸ਼ਟ ਹੋਣਾ ਪਿਆ।

‘ਆਪ’ ਨੂੰ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਹਲਕਾ ਦਾਖਾ ਤੋਂ ਮਿਲੀ ਹੈ, ਜਿਥੋਂ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ ਸਿਰਫ 2,804 ਵੋਟਾਂ ਹੀ ਮਿਲੀਆਂ ਹਨ। ਇਥੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ 8,441 ਵੋਟਾਂ ਮਿਲੀਆਂ, ਜੋ ‘ਆਪ’ ਤੋਂ 5,637 ਵੱਧ ਹਨ। ਇਸ ਵਾਰ ਜ਼ਿਮਨੀ ਚੋਣਾਂ 'ਚ 'ਆਪ' ਦੀ ਲਗਾਤਾਰ ਚੌਥੀ ਵਾਰ ਜ਼ਮਾਨਤ ਜ਼ਬਤ ਹੋਈ ਹੈ। ਜ਼ਿਕਰਯੋਗ ਹੈ ਕਿ ਦਾਖਾ ਹਲਕੇ ਦੀ ਸੀਟ ‘ਆਪ’ ਦੇ ਉਮੀਦਵਾਰ ਐੱਚਐੱਸ ਫੂਲਕਾ ਵੱਲੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਸੀ। ਇਸ ਤਰ੍ਹਾਂ ‘ਆਪ’ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਾਰੇ ਚਾਰ ਹਲਕਿਆਂ ਤੋਂ ਕੁੱਲ 25,276 ਵੋਟਾਂ ਹੀ ਹਾਸਲ ਕਰ ਸਕੀ ਹੈ।