ਕਰਤਾਰਪੁਰ ਸਾਹਿਬ ਲਾਂਘੇ ਤੇ ਪਾਕਿਸਤਾਨ ਦਾ ਵੱਡਾ ਫੈਸਲਾ, ਸਿੱਧੂ ਨੂੰ ਕਿਉਂ ਨਹੀਂ ਬੁਲਾਇਆ

Tags

ਜਦੋਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੇ ਖੁੱਲ੍ਹਣ ਦੀ ਆਸ ਬੱਝੀ ਹੈ, ਉਦੋਂ ਤੋਂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ’ਤੇ ਸੰਦੇਹ ਦੇ ਪਰਛਾਵੇਂ ਮੰਡਰਾ ਰਹੇ ਹਨ। ਇਹ ਠੀਕ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਿਨਾਂ ਕਿਸੇ ਵੱਡੀ ਰੋਕ-ਟੋਕ ਦੇ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੇ ਪਹਿਲੇ ਪੁਖਤਾ ਸੰਕੇਤ ਤਾਂ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਗਮ ਵਿਚੋਂ ਹੀ ਮਿਲੇ ਸਨ। ਬਦਕਿਸਮਤੀ ਨਾਲ ਭਾਰਤੀ ਮੀਡੀਆ ਅਤੇ ਰਾਜਨੀਤਕ ਸੰਕੀਰਨਤਾ ਨੇ ਇਸ ‘ਸ਼ੁਭ ਖ਼ਬਰ’ ਨੂੰ ਸਹੀ ਪਰਿਪੇਖ ਵਿਚ ਲੈਣ ਦੀ ਬਜਾਏ ਇਕ ਇਨਕਾਰੀ ਅਸਵੀਕ੍ਰਿਤੀ ਦੇ ਰੂਪ ਵਿਚ ‘ਸ਼ੁਭ ਖ਼ਬਰ’ ਦੇ ਰੂਹਾਨੀ ਪੱਖ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ‘ਗਲਵੱਕੜੀ’ ਨੂੰ ਹੀ ਇਕ ਘ੍ਰਿਣਾਯੋਗ ਕੇਂਦਰ ਬਿੰਦੂ ਬਣਾ ਕੇ ਇਸ ਸਾਰੇ ਮੰਜ਼ਰ ਨੂੰ ਸੰਕੀਰਨਤਾ ਦਾ ਗ੍ਰਹਿਣ ਲਾ ਕੇ ਬਦਰੰਗ ਕਰਨ ਦਾ ਉਪਰਾਲਾ ਕੀਤਾ।

ਇਹ ਮਹਿਜ਼ ਇਕ ਇਤਫ਼ਾਕ ਹੀ ਸੀ ਕਿ ਅਜਿਹੀ ਸ਼ੁਭ ਖ਼ਬਰ ਸਭ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਮੁਖਾਰਬਿੰਦ ’ਚੋਂ ਸੁਣਨ ਨੂੰ ਮਿਲੀ ਜਿਸ ਨੂੰ ਸੁਣਦਿਆਂ ਹੀ ਖ਼ੁਸ਼ੀ ਵਿਚ ਖੀਵੇ ਹੋਏ ਉਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਪੰਜਾਬ ਦੇ ਵਜ਼ੀਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਨਰਲ ਬਾਜਵਾ ਨੂੰ ਗਲਵੱਕੜੀ ਪਾ ਲਈ।ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀਆਂ ਦੇਸ਼ ਦੇ ਖ਼ੂਨੀ ਬਟਵਾਰੇ ਤੋਂ ਬਾਅਦ, ਸਿੱਖ ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਸਿਕ ਨੂੰ ਲੈ ਕੇ ਸ਼ੁਰੂ ਹੋਈਆਂ ਜੋਦੜੀਆਂ ਤੇ ਅਰਦਾਸਾਂ ਦੇ ਮਨਜ਼ੂਰ ਥੀਵਣ ਦਾ ਵਕਤ ਆ ਗਿਆ ਹੈ।

ਅਤੀਤ ਦੇ ਪਰਛਾਵੇਂ ਸਿੱਖ ਸੰਗਤਾਂ ਦੇ ਮਨਾਂ ਵਿਚ ਇਕ ਸਹਿਮ ਜਿਹਾ ਪੈਦਾ ਕਰ ਰਹੇ ਹਨ ਕਿ ਕਿਤੇ ਕੁਝ ਅਜਿਹਾ ਨਾ ਵਾਪਰ ਜਾਵੇ ਕਿ ਕਰਤਾਰਪੁਰ ਸਾਹਿਬ ਨੂੰ ਜਾਂਦਾ ਇਹ ਲਾਂਘਾ ਇਕ ਹੋਰ ਵਾਹਗਾ ਸਰਹੱਦ ਬਣ ਜਾਵੇ। ਨਵਜੋਤ ਸਿੰਘ ਸਿੱਧੂ ਦੀ ਉਲਾਰ ਗਲਵੱਕੜੀ ਭਾਵੇਂ ਇਕ ਮੌਕਾ-ਮੇਲ ਵਿਚੋਂ ਉਪਜੀ ਰੁਮਾਂਚਕ ਤਰੰਗ ਹੀ ਸੀ ਜੋ ਸ਼ਿਸਟਾਚਾਰ ਵਜੋਂ ਉਸ ਮੌਕੇ ’ਤੇ ਪੂਰੀ ਤਰ੍ਹਾਂ ਵਾਜਬ ਸੀ ਕਿਉਂਕਿ ਜਨਰਲ ਕਮਰ ਜਾਵੇਦ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਿਬ ਹੋ ਕੇ ਹੀ ਇਸ ‘ਟੁੰਬਣਸ਼ੀਲ’ ਸ਼ੁਭ ਖ਼ਬਰ ਨੂੰ ਸੰਚਾਰਿਤ ਕਰ ਰਹੇ ਸਨ, ਇਸ ਲਈ ਨਵਜੋਤ ਸਿੰਘ ਸਿੱਧੂ ਦਾ ਇਕ ਸਿੱਖ ਹੋਣ ਦੇ ਨਾਤੇ ਉਸ ਮੌਕੇ ਭਾਵੁਕ ਹੋ ਜਾਣਾ ਕੁਦਰਤੀ ਵਰਤਾਰਾ ਸੀ।