ਦੇਸ਼ ਭਰ ‘ਚ ਅੱਜ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ। ਕਰਵਾ ਦਾ ਅਰਥ ਹੈ – ਪਾਣੀ ਦਾ ਭਰਿਆ ਬਰਤਨ ਅਰਥਾਤ ਛੋਟਾ ਕੁੱਜਾ , ਚੌਥ ਦਾ ਅਰਥ – ਚੌਥ ਚੰਦਰਮਾ ਦੇ ਹਨੇਰੇ ਅਤੇ ਚਾਨਣੇ-ਪੱਖ ਦੇ ਚੌਥੇ ਦਿਨ ਨੂੰ ਆਖਿਆ ਜਾਂਦਾ ਹੈ। ਪਾਣੀ ਦਾ ਭਰਿਆ ਕਰੁਆ ਜ਼ਿੰਦਗੀ ਦਾ ਪ੍ਰਤੀਕ ਹੈ। ਇਸ ਦਿਨ ਸੁਹਾਗਣਾਂ ਸੱਜਦੀਆਂ, ਸੰਵਰਦੀਆਂ ਹਨ। ਬਾਜ਼ਾਰਾਂ ‘ਚ ਮਹਿੰਦੀ ਲਾਉਣ ਵਾਲਿਆਂ ਦੀਆਂ ਦੁਕਾਨਾਂ ‘ਤੇ ਸੁਹਾਗਣਾਂ ਤੇ ਮੁਟਿਆਰਾਂ ਦੀਆਂ ਮਹਿੰਦੀ ਲਾਉਣ ਲਈ ਲਾਈਨਾਂ ਲੱਗੀਆਂ ਹੁੰਦੀਆਂ ਹਨ। ਜਿਥੇ ਪੂਰਾ ਬਾਜ਼ਾਰ ਸਜਿਆ ਹੁੰਦਾ ਹੈ , ਉਥੇ ਹੀ ਪੂਰਾ ਦਿਨ ਵੱਖ-ਵੱਖ ਦੁਕਾਨਾਂ ‘ਤੇ ਖਰੀਦਦਾਰੀ ਕਰਨ ਵਾਲੀਆਂ ਮਹਿਲਾਵਾਂ ਦਾ ਤਾਂਤਾ ਲੱਗਾ ਰਹਿੰਦਾ ਹੈ।
ਮਠਿਆਈ ਦੀਆਂ ਦੁਕਾਨਾਂ ਵੀ ਸਜੀਆਂ ਹੁੰਦੀਆਂ ਹਨ। ਕਰਵਾ ਚੌਥ ਤਿਓਹਾਰ ਦੇ ਮੱਦੇਨਜ਼ਰ ਕਾਰੀਗਰਾਂ ਵੱਲੋਂ ਪੂਰਾ ਦਿਨ ਮੱਠੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਕਰੁਏ ਦੇ ਕਾਰਨ ਹੀ ਇਸ ਦਾ ਨਾਂ ਕਰਵਾ ਚੌਥ ਪਿਆ ਹੈ। ਕੱਤਕ ਕਹੀਨੇ ਦੀ ਚੌਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆਂ ਜਾਂਦਾ ਹੈ। ਕਰਵਾ ਚੌਥ ਨੂੰ ਸੁਹਾਗਣ ਔਰਤਾਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਜਾਂ ਜਿਨ੍ਹਾਂ ਲੜਕੀਆਂ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਹ ਆਪਣੇ ਪਤੀ ਦੀ ਲੰਬੀ ਉਮਰ ਅਤੇ ਆਪ ਸਦਾ ਸੁਹਾਗਣ ਰਹਿਣ ਲਈ ਨਿਰਜਲਾ ਯਾਨੀ ਬਿਨਾਂ ਅੰਨ ਅਤੇ ਜਲ ਦਾ ਵਰਤ ਰੱਖਦੀਆਂ ਹਨ।