ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕ ਪਰੇਸ਼ਾਨ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਇਸ ਮੰਹਿਗਾਈ ਤੋਂ ਕੁੱਝ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਸ਼ਨੀਵਾਰ ਨੂੰ 23.90 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਿਆਜ਼ ਦੀ ਵਿਕਰੀ ਕੀਤੀ ਜਾਵੇਗੀ। ਮੁੱਖ ਮੰਤਰੀ ਕੇਜਰੀਵਾਲ ਦਾ ਕਹਿਣਾ ਹੈ ਕਿ ਸਰਕਾਰ ਪਿਆਜ਼ ਦੀ ਹੋ ਰਹੀ ਕਾਲਾਬਾਜ਼ਾਰੀ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰ ਰਹੀ ਹੈ। ਦਿੱਲੀ ਨੂੰ ਪਿਆਜ਼ 15.60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕੇਂਦਰ ਸਰਕਾਰ ਕੋਲੋਂ ਮਿਲ ਰਿਹਾ ਹੈ। ਪਿਆਜ਼ ਦੀ ਕੀਮਤ ਜਦੋਂ ਤੱਕ ਘੱਟਦੀ ਨਹੀਂ, ਦਿੱਲੀ ਸਰਕਾਰ ਵੱਲੋਂ ਉਦੋਂ ਤੱਕ ਸਸਤੇ ਦਾਮ ‘ਤੇ ਪਿਆਜ਼ ਵੇਚਿਆ ਜਾਵੇਗਾ।
ਇਸ ਵਿੱਚ ਪਿਆਜ਼ ਵੇਚਣ ਵਾਲੇ ਦੀ ਕਮਿਸ਼ਨ 4 ਰੁਪਏ ਹੈ ਅਤੇ ਦਿੱਲੀ ਸਰਕਾਰ ਨੂੰ ਪਿਆਜ਼ 19.60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ ਅਤੇ ਜਨਤਾ ਨੂੰ ਪਿਆਜ਼ 23.90 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗਾ। ਦਿੱਲੀ ਸਰਕਾਰ ਵੱਲੋਂ ਰਾਸ਼ਨ ਵਾਲੀਆਂ 400 ਦੁਕਾਨਾਂ ‘ਤੇ ਪਿਆਜ਼ ਰੱਖਿਆ ਜਾਵੇਗਾ। ਦੱਸ ਦੇਈਏ ਕਿ ਦਿੱਲੀ ਸਰਕਾਰ ਵੱਲੋਂ ਜਨਤਾ ਲਈ ਪਿਆਜ਼ ਦੀਆਂ 70 ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਜ਼ਰੀਏ ਪਿਆਜ਼ ਦੀ ਵਿਕਰੀ ਹੋਵੇਗੀ। ਦਿੱਲੀ ਸਰਕਾਰ ਨੇ ਇਸ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿਨ੍ਹਾਂ ਵਿੱਚ ਇੱਕ ਵਿਅਕਤੀ ਸਿਰਫ਼ 5 ਕਿੱਲੋ ਹੀ ਪਿਆਜ਼ ਖ਼ਰੀਦ ਸਕਦਾ ਹੈ ਅਤੇ ਇਸ ਲਈ ਕੋਈ ਪਛਾਣ-ਪੱਤਰ ਵਿਖਾਉਣ ਦੀ ਲੋੜ ਨਹੀਂ ਹੈ।