ਸਾਧ ਦੇ ਕਹਿਣ ਤੇ ਪਰਿਵਾਰ ਵਾਲਿਆਂ ਨੇ ਛਪਵਾ ਲਏ ਕਾਰਡ, ਹੁਣ ਬਰਾਤ ਪਤਾ ਨਹੀਂ ਕਿੱਥੇ ਜਾਣੀ

Tags

ਨਾਭਾ ਦੇ ਪਿੰਡ ਰਾਮਗੜ੍ਹ 'ਚ ਕਿਸਾਨ ਹਾਕਮ ਸਿੰਘ ਕੋਲੋਂ ਬਾਬਿਆਂ ਦੇ ਭੇਸ 'ਚ ਆਏ ਕੁਝ ਠੱਗ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ 30 ਲੱਖ ਰੁਪਏ ਠੱਗ ਕੇ ਫਰਾਰ ਹੋ ਗਏ। ਪੁਲਸ ਨੇ ਬੜੀ ਮਿਹਨਤ ਕਰਕੇ 2 ਪਖੰਡੀ ਬਾਬਿਆ ਨੂੰ 18 ਲੱਖ ਰੁਪਏ ਦੀ ਵੱਧ ਰਾਸੀ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਇਹ ਘਟਨਾ 5 ਮਈ ਦੀ ਹੈ। ਨਾਭਾ ਦੇ ਪਿੰਡ ਰਾਮਗੜ੍ਹ ਦੀ ਜਿਥੇ ਕੁਝ ਪਾਖੰਡੀ ਸਾਧ ਇਕ ਕਿਸਾਨ ਪਰਿਵਾਰ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਠੱਗ ਕੇ ਲੈ ਗਏ।

ਇਨ੍ਹਾਂ ਪਾਖੰਡੀ ਬਾਬਿਆਂ ਨੇ ਕਿਸਾਨ ਹਾਕਮ ਸਿੰਘ ਕੋਲੋਂ ਇਹ ਕਹਿ ਕੇ 30 ਲੱਖ ਰੁਪਏ ਬਟੋਰ ਲਏ ਕਿ ਉਹ ਇਸਨੂੰ ਡਬਲ ਕਰ ਦੇਣਗੇ ਤੇ ਨਾਲ ਹੀ ਹਾਕਮ ਸਿੰਘ ਦੇ ਮੁੰਡਿਆਂ ਦਾ ਵਿਆਹ ਵੀ ਚੰਡੀਗੜ੍ਹ 'ਚ ਕਰਵਾ ਦੇਣਗੇ। ਮਾਮਲਾ ਜਦੋਂ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਗੰਭੀਰਤਾ ਦਿਖਾਉਂਦੇ ਹੋਏ ਸਖਤ ਮਿਹਨਤ ਕਰਕੇ 2 ਪਾਖੰਡੀ ਬਾਬਿਆਂ ਨੂੰ 18 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਸਮੇਤ ਗ੍ਰਿਫਤਾਰ ਕਰ ਲਿਆ। ਪਾਖੰਡੀ ਸਾਧਾਂ ਨੇ ਗਾਗਰਾਂ 'ਚ ਪਾ ਕੇ ਨਕਦੀ ਦੱਬ ਦਿੱਤੀ ਤੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਕਹਿ ਦਿੱਤਾ।

ਉਧਰ ਪਾਖੰਡੀ ਸਾਧਾਂ ਨੇ ਵੀ ਆਪਣੇ ਗੁਨਾਹ ਕਬੂਲ ਕਰਦੇ ਹੋਏ ਗਲਤੀ ਮੰਨ ਲਈ ਹੈ ਪਰ ਇਸ ਸਭ ਦੇ ਵਿਚ ਸਮਾਜ ਦਾ ਇਕ ਅਜਿਹਾ ਚਿਹਰਾ ਸਾਹਮਣੇ ਆ ਗਿਆ ਹੈ, ਜੋ ਅੱਜ ਵੀ ਚਮਤਕਾਰਾਂ 'ਚ ਵਿਸ਼ਵਾਸ ਰੱਖਦਾ ਹੈ ਹਾਲਾਂਕਿ ਇਸਦਾ ਅੰਜਾਮ ਮਾੜਾ ਹੀ ਹੁੰਦਾ ਹੈ ਪਰ ਲੋਕ ਬਾਵਜੂਦ ਇਸ ਦੇ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬਾਰਾਤ ਵਾਲੇ ਦਿਨ ਐਨ ਮੌਕੇ 'ਤੇ ਇਹ ਪਾਖੰਡੀ ਸਾਧ ਗਾਇਬ ਹੋ ਗਏ, ਜਿਸ ਤੋਂ ਬਾਅਦ ਜਦੋਂ ਗਾਗਰਾਂ ਖੋਲ੍ਹੀਆਂ ਤਾਂ ਉਨ੍ਹਾਂ 'ਚੋਂ ਚੌਲ ਨਿਕਲੇ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋ ਪਾਖੰਡੀ ਸਾਧਾਂ ਨੂੰ ਗ੍ਰਿਫਤਾਰ ਕਰਦਿਆਂ 18 ਲੱਖ ਰੁਪਏ ਬਰਾਮਦ ਕਰ ਲਏ ਹਨ ਜਦਕਿ ਉਨ੍ਹਾਂ ਦੇ ਦੋ ਸਾਥੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।