ਬਠਿੰਡਾ 'ਚ ਬਣੇ ਦਰਿਆ ਵਰਗੇ ਹਾਲਾਤ, ਕਿਸ਼ਤੀਆਂ ਰਾਹੀਂ ਕੱਢੇ ਜਾ ਰਹੇ ਨੇ ਲੋਕ

Tags

ਮਾਨਸੂਨ ਦੇ ਚਲਦਿਆਂ ਬਠਿੰਡਾ ‘ਚ ਅੱਜ 130 ਮਿ. ਮੀ. ਮੀਟਰ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੀਂਹ ਕਾਰਨ ਸ਼ਹਿਰ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਭਾਵ ਇੱਥੇ ਵੀ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਇੰਨਾ ਹੀ ਨਹੀਂ ਮੀਂਹ ਕਾਰਨ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਦੀਆਂ ਰਿਹਾਇਸ਼ਾਂ ‘ਚ ਵੀ ਪਾਣੀ ਭਰ ਗਿਆ ਹੈ। ਬਠਿੰਡਾ ਦੀ ਵੀਰ ਕਾਲੋਨੀ ਜਿੱਥੇ 300 ਦੇ ਕਰੀਬ ਘਰਾਂ 'ਚ ਪਾਣੀ ਆ ਗਿਆ ਹੈ ਅਤੇ ਇਸ ਦੇ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕੇ ਜਿਨ੍ਹਾਂ 'ਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਇਸ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਨੂੰ ਕੱਢਣ ਦਾ ਪ੍ਰਬੰਧ ਕਰਨ ਨਹੀਂ ਤਾਂ ਲੋਕਾਂ ਦਾ ਮਾਲੀ ਨੁਕਸਾਨ ਹੋਰ ਜ਼ਿਆਦਾ ਹੋਵੇਗਾ। ਅੱਜ ਹੋਈ ਭਾਰੀ ਵਰਖਾ ਕਾਰਨ ਬਰਸਾਤੀ ਪਾਣੀ ਵਾਲਾ ਨਾਲਾ ਵੀ ਟੁੱਟ ਗਿਆ ਹੈ ਅਤੇ ਆਲੇ-ਦੁਆਲੇ ਦੇ ਖੇਤ ਪਾਣੀ ਨਾਲ ਭਰ ਗਏ ਹਨ।ਦੂਜੇ ਪਾਸੇ ਜੇਕਰ ਗੱਲ ਕਰੀਏ ਸ੍ਰੀ ਮੁਕਤਸਰ ਸਾਹਿਬ ਖੇਤਰ ਦੀ ਤਾਂ ਇੱਥੇ ਮਾਨਸੂਨ ਦੇ ਪਹਿਲੇ ਮੀਂਹ ਨੇ ਚਾਰ ਚੁਫੇਰੇ ਜਲ-ਥਲ ਕਰ ਦਿੱਤਾ। ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ।

ਜਾਣਕਾਰੀ ਮੁਤਾਬਕ ਲੋਕਾਂ ਦੇ ਘਰਾਂ 'ਚ ਤਿੰਨ ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ ਤੇ ਸੜਕਾਂ 'ਤੇ ਵੀ 4 ਫੁੱਟ ਤੱਕ ਪਾਣੀ ਭਰ ਗਿਆ ਹੈ।ਬੀਤੀ ਰਾਤ 12 ਵਜੇ ਤੋਂ ਹੁਣ ਤੱਕ ਪਏ ਮੀਂਹ ਕਾਰਨ ਲੋਕਾਂ ਦੇ ਘਰਾਂ ‘ਚ ਵੀ ਪਾਣੀ ਦਾਖ਼ਲ ਹੋ ਗਿਆ। ਹਾਲਾਂਕਿ ਇਸ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਲੋਕਾਂ ਨੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਵੀ ਮਹਿਸੂਸ ਕੀਤੀ ਹੈ। ਉੱਥੇ ਹੀ ਭਾਰੀ ਵਰਖਾ ਕਰਕੇ ਇੱਥੇ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਲਗਾਤਾਰ ਹੋ ਰਹੀ ਬਾਰਸ਼ ਨਾਲ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ। ਕੋਈ ਵੀ ਪ੍ਰਬੰਧ ਨਾ ਹੋਣ ਦੇ ਕਾਰਨ ਨਗਰ ਨਿਗਮ ਇਸ ਵਾਰ ਫਿਰ ਫੇਲ ਹੋਇਆ ਹੈ।