ਪੰਜਾਬ ਪੁਲਿਸ ਦੇ ਆਈ. ਜੀ. ਦਾ ਸਰਕਾਰੀ ਘਰ ਬਣਿਆ ਸਵਿਮਿੰਗ ਪੂਲ

Tags

ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਮੀਂਹ ਦਾ ਪਾਣੀ ਸ਼ਹਿਰਾਂ ਅੰਦਰ ਜਮਾਂ ਹੋ ਰਿਹਾ ਹੈ ਅਤੇ ਮਾਰਕੀਟਾਂ, ਦਫ਼ਤਰ, ਕਾਲੋਨੀਆਂ ਬਰਸਾਤੀ ਪਾਣੀ ਨਾਲ ਜਲ ਥਲ ਹੋ ਗਈਆਂ, ਕਿਉਂਕਿ ਸੀਵਰੇਜ ਲਾਈਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ।

ਜਿਸ ਕਾਰਨ ਸਭ ਤੋਂ ਵੱਧ ਮੁਸ਼ਕਿਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਹੋ ਰਹੀ ਹੈ।ਬਠਿੰਡਾ ਵਿਚ ਬੀਤੀ ਰਾਤ ਤੋਂ ਲਗਾਤਾਰ ਪੈ ਰਿਹਾ ਹੈ।ਇਸ ਮੀਂਹ ਨਾਲ ਸ਼ਹਿਰ ਜਲਥਲ ਹੋ ਗਿਆ ਹੈ ਅਤੇ ਡੁੱਬਣ ਦੇ ਕਿਨਾਰੇ ‘ਤੇ ਹੈ। ਓਥੇ ਸ਼ਹਿਰ ਅੰਦਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।ਇਸ ਦੌਰਾਨ ਆਈਜੀ ਬਠਿੰਡਾ ਰੇਂਜ ਐੱਮਐੱਫ ਫ਼ਾਰੂਕੀ ਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀਆਂ ਸਰਕਾਰੀ ਕੋਠੀਆਂ ਪਾਣੀ ਨਾਲ ਭਰ ਗਈਆਂ ਹਨ।

ਓਥੇ ਆਈਜੀ ਦੀ ਕੋਠੀ ਅੰਦਰ 6-6 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਅਤੇ ਆਈਜੀ ਦੀਆਂ ਗੱਡੀਆਂ ਪਾਣੀ ‘ਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਤੈਰ ਕੇ ਜਾਂਦੇ ਦਿਖਾਈ ਦੇ ਰਹੇ ਹਨ।ਇਸ ਦੇ ਇਲਾਵਾ ਸ਼ਹਿਰ ਦੀਆਂ ਹੋਰ ਥਾਵਾਂ ‘ਤੇ ਵੀ ਪਾਣੀ ਨੇ ਬੰਬ ਬੁਲਾ ਦਿੱਤੇ ਹਨ। ਜਿਸ ਕਾਰਨ ਸੜਕਾਂ ਉਤੇ ਪੈਦਲ ਨਿਕਲਣਾਂ ਤਾਂ ਕੀ ਵਹੀਕਲ ਲੈ ਕੇ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ।