ਬਸ ਦੋ ਸਾਲ ਹੋਰ ਕੱਟ ਲਓ ਔਖੇ ਸੌਖੇ, ਫੇਰ ਹੋ ਜਾਣੇ ਨਜ਼ਾਰੇ- ਸੁਖਬੀਰ ਬਾਦਲ

Tags

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਨ੍ਹਾਂ ਕਿਸਾਨਾਂ ਅਤੇ ਗ਼ਰੀਬਾਂ, ਜਿਨ੍ਹਾਂ ਨੂੰ ਬਿਜਲੀ ਦੇ ਵੱਡੇ ਬਿੱਲ ਭੇਜੇ ਗਏ ਹਨ, ਨੂੰ ਭਰੋਸਾ ਦਿਵਾਇਆ ਹੈ ਕਿ ਅਕਾਲੀ ਦਲ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਇਕ ਅੰਦੋਲਨ ਸ਼ੁਰੂ ਕਰੇਗਾ।  ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗ਼ਰੀਬਾਂ ਨੂੰ ਦਿੱਤੀ ਗਈ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਰੀਬ ਜਨਤਾ ਉੱਤੇ ਵੱਡੇ ਬਿਜਲੀ ਬਿਲਾਂ ਦਾ ਬੋਝ ਪਾ ਦਿੱਤਾ ਗਿਆ ਹੈ, ਜਿਹੜੇ ਪਿਛਲੇ ਸਮੇਂ ਤੋਂ ਲਾਗੂ ਕਰ ਦਿੱਤੇ ਗਏ ਹਨ।

ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਸਰਕਾਰ ਨੂੰ ਵਧਾਏ ਹੋਏ ਬਿੱਲ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ। ਅਕਾਲੀ ਦਲ ਪ੍ਰਧਾਨ ਨੇ ਬਿਜਲੀ ਦਰਾਂ ਵਿਚ ਕੀਤਾ ਵਾਧਾ ਵੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਵਾਰ ਵਾਰ ਵਾਧਾ ਕਰਕੇ ਬਿਜਲੀ ਦਰਾਂ 25 ਤਂ 33 ਫੀਸਦੀ ਤੱਕ ਵਧਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮਹਿਜ਼ ਦੋ ਸਾਲ ਦੇ ਸਮੇਂ ਵਿਚ ਕੀਤਾ ਇੰਨ੍ਹਾਂ ਵੱਡਾ ਵਾਧਾ ਆਮ ਆਦਮੀ ਲਈ ਅਸਹਿ ਹੈ।

ਉਨ੍ਹਾਂ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਆਪਣੀਆਂ ਪ੍ਰਮੁੱਖਤਾਵਾਂ ਬਾਰੇ ਦੱਸਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਗਰੀਬਾਂ ਦੇ ਪੱਕੇ ਮਕਾਨ ਬਣਾਉਣ ਲਈ ਕੇਂਦਰੀ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਜਲਦੀ ਹੀ ਇਕ ਪ੍ਰੋਗਰਾਮ ਤਿਆਰ ਕਰਨਗੇ ਤਾਂ ਕਿ ਇਸ ਸਕੀਮ ਨੂੰ ਪੜਾਅਵਾਰ ਪੂਰੇ ਹਲਕੇ ਅੰਦਰ ਲਾਗੂ ਕੀਤਾ ਜਾ ਸਕੇ।

ਅਕਾਲੀ ਦਲ ਪ੍ਰਧਾਨ ਨੇ ਵਿਕਾਸ ਕਾਰਜਾਂ ਨੂੰ ਠੱਪ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਖੇਤੀਬਾੜੀ ਲਈ ਕੋਈ ਮੱਦਦ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਡੇਅਰੀ ਸੈਕਟਰ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਪ੍ਰਾਜੈਕਟ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਨੂੰ ਕੇਂਦਰੀ ਸਬਸਿਡੀਆਂ ਸਮੇਤ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।