ਅਗਲੇ ਤਿੰਨ ਦਿਨਾਂ ਵਿੱਚ ਪੰਜਾਬ ਵਿੱਚ ਆ ਸਕਦੇ ਨੇ ਹੜ੍ਹ

Tags

ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੀ 31 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਜੁਲਾਈ ਦੇ ਅੰਤਲੇ ਦਿਨ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ, ਹਰਿਆਣਾ ਦਿੱਲੀ ਤੇ ਰਾਜਸਥਾਨ ਵਿੱਚ ਵੀ ਬਰਸਾਤ ਹੋ ਸਕਦੀ ਹੈ। ਇਹੋ ਰੁਝਾਨ ਅਗਸਤ ਦੇ ਪਹਿਲੇ ਹਫ਼ਤੇ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਦੇ ਨਾਲ-ਨਾਲ ਤਕਰੀਬਨ 50 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ‘ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮਾਨਸੂਨ ਉੱਤਰੀ ਭਾਰਤ ਵਿੱਚ ਵਧੇਰੇ ਸਰਗਰਮ ਹੋਵੇਗਾ।

ਜੁਲਾਈ ਵਿੱਚ ਮੀਂਹ ਦੀ ਘਾਟ ਅਗਸਤ ਵਿੱਚ ਪੂਰੀ ਹੋ ਜਾਵੇਗੀ।ਕੁਝ ਦਿਨ ਮੌਸਮ ਖੁਸ਼ਕ ਰਹਿਣ ਮਗਰੋਂ ਹੁਣ ਫਿਰ ਮੀਂਹ ਵਰ੍ਹੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਤਿੰਨ ਦਿਨਾਂ 31 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਕਈ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਤੇ ਪਟਿਆਲਾ ਵਿੱਚ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਦੇ ਅੰਬਾਲਾ ਵਿੱਚ 36.3 ਡਿਗਰੀ ਤੇ ਹਿਸਾਰ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਯਾਦ ਰਹੇ ਜੁਲਾਈ ਦੇ ਦੂਜੇ ਹਫਤੇ ਬਾਰਸ਼ ਤੋਂ ਬਾਅਦ ਪੰਜਾਬ ਵਿੱਚ ਮੁੜ ਪਾਰਾ ਚੜ੍ਹ ਗਿਆ ਹੈ। ਗਰਮੀ ਤੇ ਹੁੰਮਸ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ ਮੁੜ ਦਬਾਅ ਬਣਨ ਕਰਕੇ 31 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਬਾਰਸ਼ ਹੋਣ ਦਾ ਅਨੁਮਾਨ ਹੈ। ਉਂਝ ਇਹ ਬਾਰਸ਼ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਸਮੇਂ ਹੋ ਸਕਦੀ ਹੈ।