ਵੋਟਾਂ ਵਾਲੇ ਦਿਨ ਪਿੰਡ 'ਚ ਵੱਢਿਆ ਨੌਜਵਾਨ ਪੂਰੇ, ਪਿੰਡ 'ਚ ਮੱਚੀ ਭੱਜ ਦੌੜ

Tags

ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦੇ ਆਖ਼ਰੀ ਭਾਵ 7ਵੇਂ ਪੜਾਅ ਦੀਆਂ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ‘ਚ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜਿਹੀ ਹੀ ਘਟਨਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾਂ ਤੋਂ ਸਾਹਮਣੇ ਆਈ ਹੈ। ਸਰਲੀ ਕਲਾਂ ਵਿਚ ਵੋਟ ਪਾਉਣ ਲਈ ਜਾ ਰਹੇ ਇਕ ਵਿਅਕਤੀ ਦਾ ਕਤਲ ਕਰ ਦਿਤਾ ਗਿਆ ਹੈ।

ਜਾਣਕਾਰੀ ਅਨੁਸਾਰ ਵੋਟ ਪਾਉਣ ਜਾਂਦੇ ਬੰਟੀ ਨਾਂਅ ਦੇ ਇਕ 28 ਸਾਲਾ ਨੌਜਵਾਨ ਦਾ ਤਿੰਨ ਲੜਕਿਆਂ ਵੱਲੋਂ ਦਾਤਰ ਨਾਲ ਕਤਲ ਕਰ ਦਿਤਾ ਗਿਆ।  ਮ੍ਰਿਤਕ ਬੰਟੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਬੰਟੀ ਮਜ਼ਦੂਰੀ ਕਰਦਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਵੋਟ ਪਾਉਣ ਲਈ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਲੜਕੇ ਸੁੱਖਾ, ਗੋਰਾ ਤੇ ਸੋਨੀ ਰਸਤੇ ਵਿਚ ਮੇਰੇ ਬੇਟੇ ਬੰਟੀ ਨੂੰ ਮਿਲ ਗਏ। ਉਨ੍ਹਾਂ ਬੰਟੀ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਉਣੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਪਾਵਾਂ ਤੁਸੀਂ ਕੀ ਲੈਣਾ। 

ਇਸ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਇਕ ਲੜਕੇ ਨੇ ਦਾਤਰ ਮਾਰ ਕੇ ਬੰਟੀ ਦਾ ਕਤਲ ਕਰ ਦਿੱਤਾ।ਮ੍ਰਿਤਕ ਲੜਕੇ ਦੇ ਪਿਤਾ ਅਨੁਸਾਰ ਮੁਲਜ਼ਮ ਅਕਾਲੀ ਦਲ ਨਾਲ ਸਬੰਧਤ ਹਨ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਫਰਾਰ ਹੋ ਗਏ। ਘਟਨਾ ਦਾ ਪਤਾ ਚਲਦਿਆਂ ਹੀ ਹੋਰ ਲੋਕ ਉਥੇ ਪੁੱਜੇ ਤੇ ਉਸ ਨੂੰ ਵੈਰੋਵਾਲ ਦੇ ਸਰਕਾਰੀ ਹਸਪਤਾਲ ਵਿਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਬੰਟੀ ਵਿਆਹਿਆ ਹੋਇਆ ਸੀ, ਉਸਦਾ 2 ਸਾਲ 6 ਮਹੀਨੇ ਦਾ ਇਕ ਪੁੱਤਰ ਵੀ ਸੀ। ਘਟਨਾ ਦਾ ਪਤਾ ਚਲਦਿਆਂ ਹੀ ਐਸਐਚਓ ਸ਼ਮਿੰਦਰ ਸਿੰਘ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ਼ 302 ਦਾ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।