1965 ਤੋਂ ਪਾਕਿਸਤਾਨੀ ਜੇਲ੍ਹ 'ਚ ਬੰਦ ਇਕ ਫੌਜੀ ਦੀ ਦਾਸਤਾਨ !

Tags

ਅੱਜ ਜਿੱਥੇ ਪਾਕਿਸਤਾਨ ਵੱਲੋਂ ਕਾਬੂ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਉੱਥੇ ਹੀ ਬਰਨਾਲਾ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਵੀ ਲਾਲ ਸਿੰਘ ਦੇ ਘਰ ਆਉਣ ਦੀ ਆਸ ਬੱਝੀ ਹੈ। ਜਾਣਕਾਰੀ ਮੁਤਾਬਕ ਲਾਲ ਸਿੰਘ 1965 ਦੀ ਭਾਰਤ-ਪਾਕਿ ਭਾਰਤ ਜੰਗ ਲੜਨ ਲਈ ਘਰੋਂ ਗਿਆ ਅਤੇ ਅੱਜ ਤੱਕ ਵਾਪਸ ਨਹੀਂ ਆਇਆ। ਸਿਪਾਹੀ ਲਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਵਿਆਹ ਤੋਂ ਇਕ ਸਾਲ ਬਾਅਦ ਉਸ ਦੇ ਪਤੀ ਦੀ ਸੰਨ 1962 ਵਿਚ ਬਰਨਾਲਾ ਵਿਚ ਹੋਈ ਫ਼ੌਜ ਦੀ ਭਰਤੀ ਦੌਰਾਨ ਸਿਲੇਕਸ਼ਨ ਹੋਈ ਸੀ, ਜਿਸ ਦੇ ਬਾਅਦ 1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਵਾਪਸ ਨਹੀਂ ਆਇਆ। 

ਉਨ੍ਹਾਂ ਦੱਸਿਆ ਕਿ ਫ਼ੌਜ ਵੱਲੋਂ ਪਹਿਲਾਂ ਉਸ ਨੂੰ ਗੁੰਮਸ਼ੁਦਾ ਕਰਾਰ ਦਿੱਤਾ ਗਿਆ ਅਤੇ ਕੁੱਝ ਸਮਾਂ ਬਾਅਦ ਹੀ ਲਾਲ ਸਿੰਘ ਨੂੰ ਫ਼ੌਜ ਵੱਲੋਂ ਸ਼ਹੀਦ ਕਰਾਰ ਦੇ ਦਿੱਤਾ ਗਿਆ ਪਰ ਪਾਕਿ ਜੇਲ ਤੋਂ ਰਿਹਾਅ ਹੋ ਕੇ ਆਏ ਭਾਰਤੀ ਕੈਦੀਆਂ ਨੇ ਲਾਲ ਸਿੰਘ ਦੇ ਜਿਊਂਦਾ ਹੋਣ ਸੰਬੰਧਿਤ ਕੀਤੀ ਤਸਦੀਕ ਦੇ ਬਾਅਦ ਪਰਿਵਰਕ ਮੈਬਰਾਂ ਨੇ ਕੇਂਦਰ ਸਰਕਾਰ ਤੋਂ ਉਸ ਨੂੰ ਭਾਰਤ ਲਿਆਉਣ ਦੀ ਮੰਗ ਵੀ ਕੀਤੀ।

ਸਿਪਾਹੀ ਲਾਲ ਸਿੰਘ ਦੇ ਪੁੱਤ ਮਹਾ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ 1965 ਦੀ ਜੰਗ 'ਚ ਪਾਕਿ ਵਲੋਂ ਕੈਦੀ ਬਣਾਉਣ ਤੋਂ ਤਿੰਨ ਮਹੀਨੇ ਬਾਅਦ ਉਹ ਪੈਦਾ ਹੋਇਆ ਤੇ ਉਸ ਦੀ ਮਾਂ ਨੇ ਬਹੁਤ ਹੀ ਮੁਸ਼ਕਲ ਹਲਾਤਾਂ 'ਚ ਉਸ ਨੂੰ ਪਾਲਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਸੀ ਪਰ ਅਜੇ ਤੱਕ ਉਸ ਦਾ ਕਬਜ਼ਾ ਵੀ ਨਹੀਂ ਮਿਲਿਆ। ਮਹਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਪਾਕਿ ਦੀ ਜੇਲ ਤੋਂ ਰਿਹਾਅ ਕਰਵਾਉਣ 'ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਿਤਾ ਨੂੰ ਮਿਲ ਸਕੇ।