ਹੁਣੇ ਹੁਣੇ ਆਈ ਵੱਡੀ ਖ਼ਬਰ, ਕੀ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਹੋਵੇਗੀ ਫਾਂਸੀ ?

Tags

1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦੋ ਵਿਅਕਤੀਆਂ ਨੂੰ ਦੋਸ਼ੀ ਐਲਾਨ ਦਿੱਤਾ ਹੈ। ਦੋ ਸਿੱਖਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਭਲਕੇ ਸਜ਼ਾ ਸੁਣਾਈ ਜਾਵੇਗੀ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਵਿਰੁੱਧ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ। ਪਹਿਲੀ ਨਵੰਬਰ 1984 ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ਵਿੱਚ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਮਾਰਿਆ ਜਾਣ ਲੱਗਾ।

ਇਸ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਵੀ ਪਹਿਲੀ ਨਵੰਬਰ 1984 ਦਾ ਹੈ। ਉਦੋਂ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਦੋ ਸਿੱਖ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦਾ ਕਤਲ ਹੋਇਆ ਸੀ ਅਤੇ ਵਸੰਤ ਵਿਹਾਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪਟਿਆਲਾ ਹਾਊਸ ਕੋਰਟ ਦੇ ਫੈਸਲੇ 'ਤੇ ਪੀੜਤ ਦੇ ਭਰਾ ਤਰਲੋਕ ਸਿੰਘ ਨੇ ਸੰਤੁਸ਼ਟੀ ਜਤਾਈ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਐਨਡੀਏ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੇ ਇਹ ਕੇਸ ਮੁੜ ਖੋਲ੍ਹਿਆ ਸੀ। ਜੀਕੇ ਨੇ ਦਾਅਵਾ ਕੀਤਾ ਕਿ ਨਰੇਸ਼ ਤੇ ਯਸ਼ਪਾਲ ਉਸ ਸਮੇਂ ਦੇ ਕਾਂਗਰਸ ਲੀਡਰ ਸਨ। ਉਨ੍ਹਾਂ ਦੱਸਿਆ ਕਿ 1994 ਵਿੱਚ ਨੌਂ ਸਾਲ ਬਾਅਦ ਹਰਦੇਵ ਤੇ ਅਵਤਾਰ ਦੇ ਕਤਲ ਦਾ ਕੇਸ ਦਰਜ ਹੋਇਆ ਸੀ, ਪਰ ਬਾਅਦ ਵਿੱਚ ਸਹੀ ਪੈਰਵੀ ਨਹੀਂ ਸੀ ਹੋਈ। ਜੀਕੇ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ 1984 ਕਤਲੇਆਮ ਪੀੜਤਾਂ ਦੇ ਹੋਰ ਮਾਮਲੇ ਵੀ ਖੁੱਲ੍ਹਵਾਏਗੀ।