ਬ੍ਰਹਮਪੁਰਾ ਦਾ ਹਰਸਿਮਰਤ ਬਾਦਲ ਨੂੰ ਠੋਕਵਾਂ ਜਵਾਬ

Tags

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੂੰ ਨਕਾਰੇ ਹੋਏ ਆਗੂ ਆਖਣ ਦੇ ਮੁੱਦੇ ਉਤੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਹਰਸਿਮਰਤ ਕੌਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਅਕਾਲੀ ਦਲ ਲਈ ਕੀ ਕੀਤਾ ਹੈ। ਉਸ ਦੀ ਪਛਾਣ ਸਿਰਫ ਇੰਨੀ ਹੀ ਹੈ ਕਿ ਉਹ ਬਾਦਲਾਂ ਦੀ ਨੂੰਹ ਹੈ। ਇਸ ਤੋਂ ਵੱਧ ਉਸ ਦੀ ਕੋਈ ਪ੍ਰਾਪਤੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਮੂੰਹੋਂ ਹਰਸਿਮਰਤ ਖ਼ਿਲਾਫ਼ ਕੁਝ ਨਿਕਲ ਗਿਆ ਤਾਂ ਫਿਰ ਮੁੱਦਾ ਬਣ ਜਾਵੇਗਾ।

ਬ੍ਰਹਮਪੁਰਾ ਨੇ ਕਿਹਾ ਕਿ ਐਡਾ ਭੈੜਾ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ, ਇਹ ਚੰਗਾ ਨਹੀਂ। ਮੈਂ ਚਾਰ ਵਾਰ ਐਮਐਲਏ ਬਣਿਆ ਹਾਂ ਤੇ ਜੇਲ੍ਹਾਂ ਕੱਟੀਆਂ ਹਨ। ਬਾਦਲ ਤੋਂ ਬਿਨਾਂ ਉਨ੍ਹਾਂ ਦਾ ਕੋਈ ਮੈਂਬਰ ਦੱਸੇ ਕੀ ਅਕਾਲੀ ਦਲ ਲਈ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਹੈ। ਇਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਆਪਣੀ ਕੋਠੀ ਵਿਚ ਤਲਬ ਕਰਨ ਤੋਂ ਨਹੀਂ ਟਲੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕਰਤੂਤਾਂ ਇਨ੍ਹਾਂ ਨੇ ਕੀਤੀਆਂ, ਉਸ ਨਾਲ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਕਾਲ ਤਖਤ ਦੀ ਨਵੀਂ ਜਥੇਦਾਰੀ ਵੀ ਸੌਦੇਬਾਜ਼ੀ ਨਾਲ ਹੀ ਮਿਲਣੀ ਹੈ। ਜਿਹੜੇ ਇਨ੍ਹਾਂ ਦੇ ਪਿੱਛੇ ਫਿਰਦੇ ਨੇ, ਉਨ੍ਹਾਂ ਨੂੰ ਹੀ ਜਥੇਦਾਰੀ ਮਿਲਣੀ ਹੈ।

ਅਕਾਲੀ ਦਲ ਬਾਦਲ ਵਿਚੋਂ ‘ਬਾਗੀ’ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਵਿਚ ਵੱਡਾ ਇਕੱਠ ਵੇਖਣ ਨੂੰ ਮਿਲਿਆ। ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਇੰਨਾ ਇਕੱਠ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲੇ ਵਿਚ ਸੁਖਬੀਰ ਤੇ ਮਜੀਠੀਏ ਨੇ ਰੈਲੀ ਕੀਤੀ ਸੀ, ਉਥੇ ਕੁਰਸੀਆਂ ਤਾਂ ਭਾਵੇਂ ਸਾਡੇ ਨਾਲੋਂ ਜ਼ਿਆਦਾ ਸਨ ਪਰ ਸੰਗਤ ਉਸ ਨਾਲ ਦੁੱਗਣੀ ਇਥੇ ਆਈ ਹੈ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ਨੂੰ ਖੁੱਲ੍ਹ ਕੇ ਰਗੜੇ ਲਾਏ।

ਉਨ੍ਹਾਂ ਨੇ ਸਟੇਜ ਉਤੇ ਬੋਲਣ ਦੀ ਸ਼ੁਰੂਆਤ ਕਰਦਿਆਂ ਹੀ ਆਖ ਦਿੱਤਾ ਕਿ ਅੱਜ ਉਹ ਖੁੱਲ੍ਹ ਕੇ ਬੋਲਣਗੇ ਤੇ ਸਾਰੇ ਰਾਜ ਸਾਂਝੇ ਕਰਨਗੇ। ਉਨ੍ਹਾਂ ਗੱਲ ਹੀ ਡੇਰਾ ਸਿਰਸਾ ਤੋਂ ਸ਼ੁਰੂ ਕੀਤੀ ਤੇ ਕਿਹਾ ਕਿ ਕਿਵੇਂ ਡੇਰਾ ਮੁਖੀ ਨੇ ਸਿੱਖਾਂ ਨਾਲ ਪੰਗਾ ਲਿਆ ਤੇ ਉਸ ਦਾ ਕੀ ਹਸ਼ਰ ਹੋਇਆ। ਪਰ ਸਿਆਸੀ ਧਿਰਾਂ ਦੀ ਵੋਟਾਂ ਦੀ ਭੁੱਖ ਨਾ ਮਿਟੀ ਤੇ ਉਹ ਡੇਰੇ ਪਿੱਛੇ ਤੁਰ ਪਏ। ਉਨ੍ਹਾਂ ਬਾਦਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਹਨੇਰੇ ਸਵੇਰੇ ਬਾਬੇ ਪਿੱਛੇ ਫਿਰਦੇ ਸੀ, ਉਨ੍ਹਾਂ ਦੇ ਤਰਲੇ ਲੈਂਦੇ ਸੀ ਕਿ ਵੋਟਾਂ ਸਾਨੂੰ ਪਾਓ ਤੇ ਦਿਨੇ ਸਾਡੇ ਵਿਚ ਰਲ ਜਾਂਦੇ ਸੀ। ਇਸੇ ਬਾਬੇ ਨੇ ਇਕ ਫਿਲਮ ਤਿਆਰ ਕੀਤੀ ਸੀ ਜਿਸ ਨੂੰ ਪੰਜਾਬ ਦੇ ਲੋਕ ਚੱਲਣ ਨਹੀਂ ਦੇ ਰਹੇ ਸਨ। ਫਿਰ ਬਾਦਲਾਂ ਤੇ ਡੇਰੇ ਵਿਚ ਸੌਦੇਬਾਜ਼ੀ ਹੋਈ। ਸੁਖਬੀਰ ਤੇ ਮਜੀਠੀਆ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੋਠੀ ਸੱਦ ਕੇ ਕਿਹਾ ਕਿ ਡੇਰਾ ਮੁਖੀ ਦੀ ਆਪਾਂ ਨੂੰ ਲੋੜ ਏ ਤੇ ਆਪਾਂ ਇਸ ਨੂੰ ਮੁਆਫ਼ ਕਰ ਦੇਣਾ ਹੈ।