ਬਾਦਲਾਂ ਨੂੰ ਦਿਨੇ ਤਾਰੇ ਵਿਖਾਉਣ ਦੀ ਤਿਆਰੀ, ਬ੍ਰਹਮਪੁਰਾ ਪਿਓ-ਪੁੱਤਰ ਨੇ ਕਰਤਾ ‘ਜੰਗ’ ਦਾ ਐਲਾਨ

Tags

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੱਡਾ ਝਟਕਾ ਦੇਣ ਮਗਰੋਂ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਬ੍ਰਹਮਪੁਰਾ ਨੇ ਸੁਖਬੀਰ-ਮਜੀਠੀਆ ਦੀਆਂ ਜੜ੍ਹਾਂ ਹਲਾਉਣ ਦਾ ਐਲਾਨ ਕੀਤਾ ਹੈ। ਯਾਦ ਰਹੇ ਸੁਖਬੀਰ ਬਾਦਲ ਨੇ ਅੱਜ ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਫਰਜ਼ੰਦਾਂ ਰਵਿੰਦਰ ਬ੍ਰਹਮਪੁਰਾ ਤੇ ਅਮਰਪਾਲ ਬੋਨੀ ਅਜਨਾਲਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਮਗਰੋਂ ਰਵਿੰਦਰ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜਾਗੀਰ ਬਣ ਗਿਆ ਹੈ।

ਇਸ ਨੂੰ ਹੁਣ ਮਜੀਠੀਆ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲ਼ਕੇ ਵਿੱਚ ਬਿਕਰਮ ਮਜੀਠੀਆ ਦਖ਼ਲਅੰਦਾਜ਼ੀ ਕਰ ਰਿਹਾ ਹੈ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਸਿਰਫ ਉਹ ਆਗੂ ਹੀ ਪਸੰਦ ਹਨ ਜੋ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਬ੍ਰਹਮਪੁਰਾ ਸਾਹਿਬ ਨੇ ਸਿਆਸਤ ਸ਼ੁਰੂ ਕੀਤੀ ਹੈ, ਸੁਖਬੀਰ, ਹਰਸਿਮਰਤ ਤੇ ਮਜੀਠੀਆ ਜੰਮੇ ਵੀ ਨਹੀਂ ਸਨ।ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਸਾਹਿਬ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਹੀ ਪਵੇਗੀ। ਰਵਿੰਦਰ ਬ੍ਰਹਮਪੁਰਾ ਨੇ ਅਗਲੀ ਰਣਨੀਤੀ ਬਾਰੇ ਕਿਹਾ ਕਿ ਪੰਜਾਬ ਦੇ ਭਲੇ ਲਈ ਕੋਈ ਵੀ ਫ਼ੈਸਲਾ ਲੈ ਸਕਦੇ ਹਨ।

ਅਕਾਲੀ ਦਲ ਦੀ ਕਾਰਵਾਈ ਮਗਰੋਂ ਤੈਅ ਹੈ ਕਿ ਟਕਸਾਲੀ ਲੀਡਰ ਹੁਣ ਬਾਦਲ ਪਰਿਵਾਰ ਖਿਲਾਫ ਖੁੱਲ੍ਹ ਕੇ ਚੱਲ਼ਣਗੇ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਆਉਣ ਦੇ ਆਸਾਰ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਸਮੇਤ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 6 ਸਾਲ ਲਈ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਤਨ ਸਿੰਘ ਅਜਾਨਾਲਾ ਨੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ 'ਤੇ ਨਿਸ਼ਾਨੇ ਵਿੰਨ੍ਹੇ।

ਉਨ੍ਹਾਂ ਕਿਹਾ ਉਹ ਸੁਖਬੀਰ ਨੂੰ ਪ੍ਰਧਾਨਗੀ ਦੇ ਕਾਬਲ ਨਹੀਂ ਸਮਝਦੇ ਕਿਉਂਕਿ ਉਸ ਨੇ ਹਮੇਸ਼ਾ ਹੀ ਗਲਤ ਫੈਸਲੇ ਲਏ ਹਨ। ਇਲ ਲਈ ਉਹ ਸੁਖਬੀਰ ਦੇ ਕਿਸੇ ਫੈਸਲੇ ਨੂੰ ਨਹੀਂ ਮੰਨਦੇ। ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਖਿਲਾਫ ਬੋਲਦਿਆਂ ਕਿਹਾ ਕਿ ਜੇਕਰ ਉਹ ਸੁਖਬੀਰ ਦਾ ਸਾਲਾ ਨਾ ਹੁੰਦਾ ਤਾਂ ਉਹ ਵਿਧਾਇਕ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ ਸਿੱਖ ਕੌਮ ਦਾ ਗੱਦਾਰ ਹੈ। ਇਸ ਉੁਪਰੰਤ ਉਨ੍ਹਾਂ ਕਿਹਾ ਕਿ ਸਾਡੀ ਰਣਨੀਤੀ ਲੋਕ ਸੇਵਾ ਹੀ ਰਹੇਗੀ।