ਮਹਿੰਗਾ ਹੁੰਦਾ ਜਾ ਰਿਹਾ ਖੇਤੀਬਾੜੀ ਦਾ ਕਿੱਤਾ ਗਰੀਬ ਕਿਸਾਨ ਦੀ ਜਾਨ ਦਾ ਖੋਹ ਬਣ ਚੁੱਕਾ ਹੈ, ਜਿਸ ਕਾਰਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੋਜ਼ ਕੋਈ ਨਾ ਕੋਈ ਗਰੀਬ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਕੁਝ ਲੋਕ ਕਿਸਾਨਾਂ ਨੂੰ ਇਸ ਹਾਲਾਤ 'ਚੋਂ ਬਾਹਰ ਕੱਢਣ ਦੇ ਉਪਰਾਲੇ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਫਰੀਦਕੋਟ ਦੇ ਪਿੰਡ ਕਿੰਗਰਾ ਦੇ ਰਹਿਣ ਵਾਲੇ ਇਕ ਸਾਬਕਾ ਆਈ. ਐੱਫ. ਐੱਸ. ਅਧਿਕਾਰੀ ਹਰਦੀਪ ਸਿੰਘ ਕਿੰਗਰਾ ਦੀ, ਜਿਸ ਨੇ ਈਜ਼ਰਾਇਲ ਖੇਤੀ ਦੀ ਤਰਜ਼ 'ਤੇ ਇਕ ਹਾਈਡਰੋਪੋਨਿਕਸ ਵੈਜੀਟੇਬਲਸ ਦਾ ਪਲਾਂਟ ਤਿਆਰ ਕੀਤਾ ਹੈ।
ਇਸ ਪਲਾਂਟ 'ਚ ਬਹੁਤ ਹੀ ਘੱਟ ਖਰਚੇ 'ਤੇ ਘੱਟ ਪਾਣੀ ਤੇ ਬਿਨਾਂ ਮਿੱਟੀ ਦੇ ਫਸਲ ਬੀਜੀ ਜਾ ਸਕਦੀ ਹੈ, ਜਿਸ ਨਾਲ ਚੰਗਾ ਮੁਨਾਫਾ ਖੱਟਿਆ ਜਾ ਸਕਦਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨੂੰ ਅਪਣਾ ਕੇ ਕਿਸਾਨ ਕਰਜ਼ ਮੁਕਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਈਡਰੋਪੋਨਿਕਸ ਵੈਜੀਟੇਬਲਸ ਲਈ ਸਰਕਾਰ ਜੋ ਸਬਸਿਡੀ ਦਿੰਦੀ ਹੈ, ਉਸ ਤੋਂ ਅੱਧੇ ਮੁੱਲ 'ਤੇ ਕਿਸਾਨ ਖੁਦ ਇਹ ਪਲਾਂਟ ਲਗਾ ਸਕਦਾ ਹੈ। ਉਸ ਨੇ ਕਿਹਾ ਕਿ ਆਉਣ ਵਾਲੇ 2 ਮਹੀਨਿਆਂ 'ਚ ਉਹ ਖੁਦ ਕਿਸਾਨਾਂ ਤੇ ਖੇਤੀ ਨਾਲ ਜੁੜੇ ਵਿਦਿਆਰਥੀਆਂ ਨੂੰ ਮੁਫਤ ਟ੍ਰੈਨਿੰਗ ਦੇਣਗੇ।