ਨਵੇਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ 'ਤੇ ਦਾਦੂਵਾਲ ਨੇ ਦਿੱਤਾ ਇਹ ਬਿਆਨ

Tags

ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕਦੇ ਨਹੀਂ ਸਵੀਕਾਰੇਗੀ ਕਿਉਂਕਿ ਪੂਰੀ ਸਿੱਖ ਕੌਮ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਐਲਾਨਿਆ ਹੋਇਆ ਹੈ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਐਲਾਨੇ ਹੋਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੋਰਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਜੱਸੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚਾ ਸਿਰਫ ਬਾਦਲ ਰਾਜ 'ਚ ਹੀ ਨਹੀਂ ਕੈਪਟਨ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਦਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਇਆ ਗਿਆ ਹੈ ਜੋ ਪੂਰਨ ਸਾਂਤੀ ਨਾਲ ਇਨਸਾਫ ਮਿਲਣ ਤਕ ਚਲਦਾ ਰਹੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਦਬਾਅ 'ਚ ਆ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਐੱਸ. ਆਈ. ਟੀ. 'ਤੇ ਜਾਂਚ ਕਮੇਟੀਆਂ ਬਣਾ ਕੇ ਮਾਮਲੇ ਨੂੰ ਉਲਝਾਉਣਾ ਚਾਹੁੰਦੇ ਹਨ ਅਤੇ ਬਰਗਾੜੀ ਮੋਰਚੇ ਨੂੰ ਬਦਨਾਮ ਕਰਕੇ ਉਠਾਉਣਾ ਚਾਹੁੰਦੇ ਹਨ ਪਰ ਉਹ ਇਸ 'ਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਕੈਪਟਨ ਅਤੇ ਬਾਦਲਾਂ ਦੀ ਰੈਲੀ-ਰੈਲੀ ਦੀ ਖੇਡ ਨੂੰ ਵੀ ਸੰਗਤ ਫੇਲ ਕਰ ਚੁੱਕੀ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ ਤਾਂ ਸਿੱਖ ਕੌਮ ਕੈਪਟਨ ਨੂੰ ਕਦੇ ਮੁਆਫ ਨਹੀਂ ਕਰੇਗੀ।

ਉਨ੍ਹਾਂ ਨੂੰ ਸੁਖਬੀਰ ਬਾਦਲ ਵੱਲੋਂ ਆਈ. ਐੱਸ. ਆਈ. ਦਾ ਏਜੰਟ ਦੱਸਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਆਈ. ਐੱਸ. ਆਈ. ਦਾ ਪੂਰਾ ਮਤਲਬ ਵੀ ਨਹੀਂ ਪਤਾ, ਆਈ. ਐੱਸ. ਆਈ. ਦੀ ਰੱਟ ਲਾਈ ਰੱਖਣ ਵਾਲੇ ਸੁਖਬੀਰ ਸਿੰਘ ਬਾਦਲ ਜ਼ਰੂਰ ਆਈ. ਐੱਸ. ਆਈ. ਦੇ ਏਜੰਟ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਸਿਆਸੀ ਅੰਤ ਹੋ ਚੁੱਕਾ ਹੈ, ਜਿਸ ਦਾ ਪ੍ਰਤੁੱਖ ਸਬੂਤ ਸਮਾਗਮਾਂ 'ਚ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੈ ਕਿਉਂਕਿ ਜੇਕਰ ਬਾਦਲਾਂ ਵੱਲੋਂ ਆਪਣੀ ਸਰਕਾਰ ਸਮੇਂ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਹੁੰਦੀਆਂ ਤਾਂ ਮੁੜ ਕੇ ਕੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾ ਕਰਦਾ।

ਇਸ ਮੌਕੇ ਸਰਬਜੀਤ ਸਿੰਘ ਜੱਸੀ ਦੀ ਅਗਵਾਈ ਹੇਠ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਬ ਭਾਰਤੀ ਗ੍ਰੰਥੀ ਸਿੰਘ ਸਭਾ ਪੰਜਾਬ ਦੇ ਪ੍ਰਧਾਨ ਗਿਆਨੀ ਕੁਲਵਿੰਦਰ ਸਿੰਘ ਕਲਹੇੜੀ, ਭਾਈ ਕੁਸ਼ਲਪਾਲ ਸਿੰਘ ਢਿੱਲੋਂ ਸੂਬਾਈ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲਜੀਤ ਸਿੰਘ ਕੁੰਭੜਾ, ਰਣਜੀਤ ਸਿੰਘ, ਡਾ. ਸੋਹਣ ਸਿੰਘ ਪਪਰਾਲੀ, ਹਰਜੀਤ ਸਿੰਘ ਚਤਾਮਲਾ, ਚਰਨ ਸਿੰਘ ਮੋਰਿੰਡਾ, ਸਤਨਾਮ ਸਿੰਘ ਮੋਰਿੰਡਾ, ਜਸਪ੍ਰੀਤ ਸਿੰਘ ਮਾਨ ਆਦਿ ਹਾਜ਼ਰ ਸਨ।