ਕੈਨੇਡਾ ਗਿਆਂ ਨੂੰ ਪੈ ਸਕਦਾ ਵਾਪਸ ਮੁੜਨਾ

Tags

ਕੈਨੇਡਾ 'ਚ 17 ਅਕਤੂਬਰ ਦਾ ਦਿਨ ਬਹੁਤ ਖਾਸ ਸੀ ਕਿਉਂਕਿ ਇਸ ਦਿਨ ਦੇਸ਼ ਭਰ 'ਚ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਇੱਥੇ ਰਹਿ ਰਹੇ ਵਿਦੇਸ਼ੀਆਂ 'ਚ ਵੀ ਇਸ ਗੱਲ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਪੈ ਸਕਦਾ ਹੈ। ਕਾਨੂੰਨ ਮੁਤਾਬਕ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਭੰਗ ਵੇਚਣ 'ਤੇ ਮਨਾਹੀ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਆਪਣੇ ਕੋਲ 30 ਗ੍ਰਾਮ ਤੋਂ ਵਧੇਰੇ ਭੰਗ ਰੱਖੀ ਤਾਂ ਉਹ ਪੁਲਸ ਦੇ ਅੜਿੱਕੇ ਚੜ੍ਹ ਜਾਵੇਗਾ।

ਇਸ ਦੇ ਨਾਲ ਹੀ ਭੰਗ ਦਾ ਸੇਵਨ ਕਰਨ ਮਗਰੋਂ ਗੱਡੀ ਚਲਾਉਣ ਦੀ ਸਖਤ ਮਨਾਹੀ ਹੈ।ਕੈਨੇਡਾ 'ਚ ਜਿਸ ਤਰ੍ਹਾਂ ਸ਼ਰਾਬੀ ਡਰਾਈਵਰ ਨੂੰ ਸਜ਼ਾ ਮਿਲਦੀ ਹੈ, ਉਸੇ ਤਰ੍ਹਾਂ ਭੰਗ ਦੇ ਨਸ਼ੇੜੀ ਡਰਾਈਵਰਾਂ 'ਤੇ ਵੀ ਸਖਤ ਕਾਨੂੰਨ ਲਾਗੂ ਹੋ ਸਕਦੇ ਹਨ। ਕੈਨੇਡੀਅਨ ਅਪਰਾਧਕ ਕੋਡ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖਤ ਕਾਨੂੰਨੀ ਧਾਰਾਵਾਂ ਲੱਗਦੀਆਂ ਹਨ, ਉਸੇ ਤਰ੍ਹਾਂ ਭੰਗ ਦੇ ਸ਼ੌਂਕੀਨਾਂ ਨੂੰ ਵੀ ਅਜਿਹੇ ਸਖਤ ਕਾਨੂੰਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭੰਗ ਐਕਟ ਦੀਆਂ ਧਾਰਾਵਾਂ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਭੰਗ ਦੀ ਖੇਤੀ ਕਰਨ, ਇਸ ਨੂੰ ਵੇਚਣ ਅਤੇ ਕੈਨੇਡਾ ਤੋਂ ਬਾਹਰ ਭੰਗ ਲਿਜਾਣ 'ਤੇ ਦੋਸ਼ੀ ਨੂੰ 14 ਸਾਲਾਂ ਦੀ ਕੈਦ ਹੋ ਸਕਦੀ ਹੈ। ਨਸ਼ੇੜੀ ਡਰਾਈਵਰਾਂ ਨੂੰ ਕੰਟਰੋਲ ਕਰਨ ਲਈ 18 ਦਸੰਬਰ, 2018 ਤੋਂ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ, ਇਸ ਤਹਿਤ ਸਜ਼ਾ 5 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ।

ਕੈਨੇਡੀਅਨ ਇਮੀਗ੍ਰੇਸ਼ਨ ਮੁਤਾਬਕ ਭੰਗ ਦੇ ਕਾਨੂੰਨਾਂ ਦੇ ਅਪਰਾਧੀ ਆਰਜ਼ੀ ਅਤੇ ਪੱਕੇ ਪ੍ਰਵਾਸੀਆਂ ਦੇ ਵੀਜ਼ੇ ਤੇ ਵਰਕ ਪਰਮਿਟ ਖੁੱਸ ਸਕਦੇ ਹਨ। ਇੱਥੋਂ ਦੇ ਕਾਨੂੰਨ ਮੁਤਾਬਕ ਜੇਕਰ ਕਿਸੇ ਵਿਦੇਸ਼ੀ ਨੂੰ ਅਪਰਾਧ 'ਚ 6 ਮਹੀਨਿਆਂ ਦੀ ਸਜ਼ਾ ਹੋ ਜਾਂਦੀ ਹੈ ਤਾਂ ਕੈਨੇਡਾ 'ਚ ਪੱਕੇ ਰਹਿੰਦੇ ਪ੍ਰਵਾਸੀ ਦੀ ਪੀ.ਆਰ ਰੱਦ ਹੋ ਜਾਂਦੀ ਹੈ। ਫਿਰ ਉਸ ਵਿਅਕਤੀ ਨੂੰ ਵਾਰ-ਵਾਰ ਅਦਾਲਤਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਜੇਕਰ ਫੈਸਲਾ ਉਸ ਦੇ ਹੱਕ 'ਚ ਨਾ ਆਵੇ ਤਾਂ ਉਸ ਨੂੰ ਆਪਣੇ ਦੇਸ਼ ਮੁੜਨਾ ਪੈਂਦਾ ਹੈ। ਹਾਲਾਂਕਿ ਕੈਨੇਡਾ ਦੇ ਨਾਗਰਿਕ ਨੂੰ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਅਜਿਹੀਆਂ ਉਲਝਣਾਂ 'ਚੋਂ ਲੰਘਣਾ ਨਹੀਂ ਪੈਂਦਾ, ਉਹ 6 ਮਹੀਨਿਆਂ ਦੀ ਸਜ਼ਾ ਭੁਗਤਣ ਮਗਰੋਂ ਆਮ ਜ਼ਿੰਦਗੀ ਬਤੀਤ ਕਰਦਾ ਹੈ।