84 ਸਾਲਾਂ ਦੀ ਅੋਰਤ ਨੂੰ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਸਰਕਾਰੀ ਨੌਕਰੀ

Tags

ਪੰਜਾਬ ਸਰਕਾਰ ਦਾ ਪੱਕਾ ਮੁਲਾਜ਼ਮ ਬਣਨ ਦਾ ਰੌਲ਼ਾ ਕੋਈ ਅੱਜ-ਕੱਲ੍ਹ ਦਾ ਨਹੀਂ ਹੈ, ਸਗੋਂ 1930 ਦੇ ਦਹਾਕੇ 'ਚ ਜਨਮੇ ਲੋਕ ਵੀ ਇਸ ਤ੍ਰਾਸਦੀ ਦਾ ਸ਼ਿਕਾਰ ਹਨ। ਸੰਗਰੂਰ ਦੇ ਇੱਕ ਸਕੂਲ ਵਿੱਚ ਚਾਲੀ ਸਾਲ ਤੋਂ ਵੱਧ ਸਮੇਂ ਤੋਂ ਕੰਮ ਆਰਜ਼ੀ ਮੁਲਾਜ਼ਮ ਵਜੋਂ ਕਰਦੀ ਆ ਰਹੀ ਸ਼ਾਂਤੀ ਦੇਵੀ ਨੂੰ 84 ਸਾਲ ਦੀ ਉਮਰ ਵਿੱਚ ਪੱਕੀ ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜਸਟਿਸ ਜਤਿੰਦਰ ਚੌਹਾਨ ਨੇ ਸਰਕਾਰ ਨੂੰ ਸ਼ਾਂਤੀ ਦੇਵੀ ਨੂੰ ਪੱਕੇ ਕਰਨ ਦੇ ਹੁਕਮ ਦਿੱਤੇ ਹਨ।

84 ਸਾਲਾ ਸ਼ਾਂਤੀ ਦੇਵੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ ਵੀ ਬਣ ਗਈ ਹੈ। ਆਧਾਰ ਕਾਰਡ ਅਨੁਸਾਰ ਸ਼ਾਂਤੀ ਦੇਵੀ ਦੀ ਜਨਮ ਤਾਰੀਖ਼ ਪਹਿਲੀ ਜਨਵਰੀ 1934 ਹੈ।ਉਨ੍ਹਾਂ ਦੇ ਵਿਭਾਗ ਵੱਲੋਂ ਉਨ੍ਹਾਂ ਨਾਲੋਂ ਘੱਟ ਸਮਾਂ ਨੌਕਰੀ ਕਰਨ ਵਾਲੇ ਮੁਲਾਜ਼ਮ ਨੂੰ ਪੱਕਾ ਕੀਤੇ ਜਾਣ ਤੋਂ ਬਾਅਦ ਸ਼ਾਂਤੀ ਦੇਵੀ ਨੇ 80 ਸਾਲ ਦੀ ਉਮਰ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਾਇਆ ਸੀ। ਸ਼ਾਂਤੀ ਨਾਲ ਦੋ ਹੋਰ ਮੁਲਾਜ਼ਮਾਂ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ।

ਸ਼ਾਂਤੀ ਦੇਵੀ ਦੇ ਵਕੀਲ ਸੀ.ਐੱਸ. ਬਾਗੜੀ ਮੁਤਾਬਕ ਉਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ (ਸੰਗਰੂਰ) ਵਿੱਚ ਪਹਿਲੀ ਅਕਤੂਬਰ 1977 ਨੂੰ ਪਾਣੀ ਪਿਲਾਉਣ ਲਈ ਆਰਜ਼ੀ ਸੇਵਾਦਾਰ ਵਜੋਂ ਰੱਖਿਆ ਸੀ। ਵਕੀਲ ਨੇ ਦੱਸਿਆ ਕਿ 1997 ਵਿੱਚ ਹਾਈਕੋਰਟ ਦੇ ਹੁਕਮਾਂ ਨਾਲ ਪਾਰਟ ਟਾਈਮ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਗਿਆ ਸੀ, ਪਰ ਸ਼ਾਂਤੀ ਦੇਵੀ ਤੇ ਹੋਰ ਪਟੀਸ਼ਨਕਰਤਾਵਾਂ ਰਹਿ ਗਈਆਂ ਸਨ।

ਉਹ ਹੁਣ ਵੀ 2250 ਰੁਪਏ ਦੀ ਮਹੀਨਾਵਾਰ ਤਨਖ਼ਾਹ 'ਤੇ ਕੰਮ ਕਰ ਰਹੇ ਹਨ। ਪੱਕਿਆਂ ਹੋਣ 'ਤੇ ਉਨ੍ਹਾਂ ਨੂੰ ਚੌਥਾ ਦਰਜਾ ਮੁਲਾਜ਼ਮਾਂ ਵਾਲਾ ਬਣਦਾ ਸਕੇਲ ਵੀ ਮਿਲੇਗਾ। ਮਾਮਲੇ ਦੀ ਸੁਣਵਾਈ ਬਾਅਦ ਅਦਾਲਤ ਨੇ ਸਿੱਖਿਆ ਵਿਭਾਗ ਦੀਆਂ ਦਲੀਲਾਂ ਨੂੰ ਠੁਕਰਾਉਂਦਿਆਂ ਸ਼ਾਂਤੀ ਦੇਵੀ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਹਨ।