ਰਾਵਣ ਦੇ ਬਲਣ ਤੋਂ ਪਹਿਲਾਂ ਹੀ ਬੁਝ ਗਿਆ ਇਸ ਘਰ ਦਾ ਦੀਵਾ

Tags

ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਵਕੀਲਾਂ ਵਾਲਾ 'ਚ ਦੁਸਹਿਰੇ ਵਾਲੇ ਦਿਨ ਨੌਜਵਾਨ ਚਿੱਟੇ ਦੇ ਨਸ਼ੇ ਦੀ ਭੇਟ ਚੜ੍ਹਦਾ ਹੋਇਆ ਸਿਵਿਆਂ ਦੇ ਰਾਹ ਪੈ ਗਿਆ। ਮਾਪਿਆਂ ਦਾ ਇਕਲੌਤਾ ਪੁੱਤਰ ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੁਸਹਿਰੇ ਵਾਲੇ ਦਿਨ ਚਿੱਟੇ ਦੇ ਨਸ਼ੇ ਕਾਰਨ ਆਪਣੀ ਜ਼ਿੰਦਗੀ ਦਾ ਦੀਪ ਬੁਝਾ ਗਿਆ। ਦੱਸ ਦਈਏ ਕਿ ਜਗਦੀਪ ਸਿੰਘ ਨਸ਼ੇ ਕਰਨ ਦਾ ਆਦੀ ਸੀ, ਉਸ ਨੇ ਚਿੱਟੇ ਦਾ ਨਸ਼ਾ ਹੱਦ ਤੋਂ ਵੱਧ ਕਰ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਜਗਦੀਪ ਪਿਛਲੇ ਤਿੰਨ ਚਾਰ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਜਗਦੀਪ ਦੀ ਮੌਤ ਨੂੰ ਲੈ ਕੇ ਪਿੰਡ 'ਚ ਜਿੱਥੇ ਮਾਤਮ ਛਾ ਗਿਆ, ਉੱਥੇ ਉਸ ਦੇ ਚਾਚੇ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਕੀਲਾਂ ਵਾਲਾ 'ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਸ 'ਤੇ ਕਾਬੂ ਪਾਉਣ 'ਚ ਫ਼ੇਲ ਸਾਬਿਤ ਹੋਈ ਹੈ।ਪਿਛਲੇ ਕਈ ਮਹੀਨੇ ਤੋਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਚਿੱਟੇ ਦੇ ਨਸ਼ਿਆਂ ਕਾਰਨ ਕਈ ਘਰਾਂ 'ਚ ਸੱਥਰ ਵਿਛ ਚੁੱਕੇ ਹਨ ਅਤੇ ਅੱਜ ਜ਼ੀਰਾ ਹਲਕੇ ਦੇ ਪਿੰਡ ਵਕੀਲਾਂ ਵਾਲਾਂ 'ਚ ਵੀ ਦੁਸਹਿਰੇ ਵਾਲੇ ਦਿਨ ਉਸ ਮਾਂ ਦੇ ਵੈਣ ਸਭ ਦੇ ਦਿਲ ਨੂੰ ਚੀਰ ਰਹੇ ਸਨ। 


22 ਸਾਲਾ ਇਸ ਨੌਜਵਾਨ ਦੀ ਭੈਣ ਵਿਦੇਸ਼ 'ਚ ਪਰਿਵਾਰ ਦੀ ਰੋਜ਼ੀ ਰੋਟੀ ਲਈ ਗਈ ਹੋਈ ਹੈ ਜਦਕਿ ਜਿਸ ਨੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਉਹ ਨਸ਼ਿਆਂ ਦੀ ਲੱਤ ਕਾਰਨ ਅੱਜ ਸਿਵੀਆਂ ਦੇ ਰਾਹ ਪੈ ਗਿਆ ਹੈ। ਮ੍ਰਿਤਕ ਗੁਰਮੀਤ ਦੀ ਮਾਤਾ ਗੁਰਮੀਤ ਕੌਰ ਇਹੋਂ ਵਾਰ-ਵਾਰ ਆਖਦੀ ਰਹੀ ਕਿ ਸਾਡੇ ਪਿੰਡ ਵਕੀਲਾਂ ਵਾਲਾ 'ਚ ਗੋਲੀਆਂ ਅਤੇ ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ ਹੈ। ਮੈਨੂੰ ਦੋ ਬੱਚੇ ਰੱਬ ਨੇ ਦਿੱਤੇ ਸੀ, ਜਿੰਨ੍ਹਾਂ 'ਚ ਇਕ ਧੀ, ਜੋ ਵਿਦੇਸ਼ਾਂ 'ਚ ਗਈ ਹੋਈ ਹੈ ਅਤੇ ਇਕ ਪੁੱਤਰ ਸੀ ਜੋ ਨਸ਼ਿਆਂ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਤਾਂ ਬਦਲੀਆਂ ਪਰ ਸਾਡੇ ਪਿੰਡ ਦੀ ਤਕਦੀਰ ਨਹੀਂ ਬਦਲੀ।


EmoticonEmoticon