ਜਦੋਂ ਮਾਪਿਆਂ ਨੇ ਆਪਣੇ ਬੱਚਿਆਂ ਦਾ ਪਾਇਆ 5 ਲੱਖ ਮੁੱਲ-ਸਿੱਧੂ ਦੀਆਂ ਨਿਕਲੀਆਂ ਧਾਹਾਂ

Tags

ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ। ਫਿਲਹਾਲ ਇਹ ਰਾਹਤ ਰਾਸ਼ੀ 21 ਪੀੜਤ ਪਰਿਵਾਰਾਂ ਨੂੰ ਹੀ ਵੰਡੀ ਗਈ ਹੈ ਬਾਕੀ ਰਹਿੰਦੇ ਪੀੜਤ ਪਰਿਵਾਰਾਂ ਨੂੰ ਛੇਤੀ ਹੀ ਰਾਹਤ ਰਾਸ਼ੀ ਦਿੱਤੀ ਜਾਵੇਗੀ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ।

ਕਮਿਸ਼ਨਰ ਨੇ ਇਸ ਹਾਦਸੇ ਦੇ ਸਬੰਧ ਵਿਚ ਦੋਹਾਂ ਕੋਲੋਂ ਚਾਰ ਹਫਤਿਆਂ ਦੇ ਅੰਦਰ ਪੂਰੀ ਰਿਪੋਰਟ ਮੰਗੀ ਹੈ।ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਰੇਨ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਅਨਾਥ ਹੋਏ ਬੱਚਿਆਂ ਦੀ ਵੱਡੀ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਸਿੱਧੂ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਦੱਸਿਆ ਕਿ ਮੈਂ ਸਾਰੇ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਂਦਾ ਹਾਂ ਅਤੇ ਜਿੰਨੇ ਵੀ ਬੱਚੇ ਅਨਾਥ ਹੋਏ ਹਨ, ਉਹ ਮੇਰਾ ਪਰਿਵਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਵਚਨ ਦਿੰਦਾ ਹਾਂ ਕਿ ਇਨ੍ਹਾਂ ਅਨਾਥ ਬੱਚਿਆਂ ਦੀ ਸਾਰੀ ਉਮਰ ਪੜ੍ਹਾਈ ਦੀ ਜ਼ਿੰਮੇਵਾਰੀ ਮੇਰੇ ਵੱਲੋਂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਜਿੰਨੇ ਵੀ ਬੱਚੇ ਅਨਾਥ ਹੋਏ ਹਨ, ਉਨ੍ਹਾਂ ਦਾ ਸਾਰਾ ਖਰਚ ਸਰਕਾਰ ਵੱਲੋਂ ਨਹੀਂ ਸਗੋਂ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਮੈਂ ਇਕ ਵਚਨ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਮੈਂ ਜ਼ਿੰਦਾ ਰਹਾਂਗਾ, ਮੈਂ ਅੰਮ੍ਰਿਤਸਰ ਤੋਂ ਹੀ ਚੋਣਾਂ ਲੜਾਂਗਾ ਅਤੇ ਅੱਜ ਮੈਂ ਸਾਰੇ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਅਤੇ ਉਨ੍ਹਾਂ ਦਾ ਸਾਰਾ ਖਰਚ ਚੁੱਕਣ ਦਾ ਦੂਜਾ ਵਚਨ ਲੈਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਬੱਚੇ ਮੇਰੀ ਪਤਨੀ ਦੇ ਹੁੰਦੇ ਕਦੇ ਅਨਾਥ ਨਹੀਂ ਰਹਿਣਗੇ ਅਤੇ ਕੋਈ ਵੀ ਅਜਿਹਾ ਬੱਚਾ ਨਹੀਂ ਹੋਵੇਗਾ ਜਿਹੜਾ ਨਹੀਂ ਪੜ੍ਹੇਗਾ।

ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਪੀੜਤ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀਂ ਹੈ ਤਾਂ ਮੈਂ ਇਸ ਦੀ ਸਾਰੀ ਜ਼ਿੰਮੇਵਾਰੀ ਲੈਂਦਾ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਸੁਨੀਲ ਜਾਖੜ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਜੌੜਾ ਫਾਟਕ ਨੇੜੇ ਦੁਸਹਿਰਾ ਦੇਖ ਰਹੇ ਲੋਕਾਂ 'ਤੇ ਟਰੇਨ ਚੜ੍ਹ ਗਈ, ਜਿਸ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਹਨ।