ਜੇ ਬਾਦਲ ਜੇਲ੍ਹ ਨਾ ਭੇਜੇ ਤਾਂ ਅਸੀਂ ਕਾਹਦੇ ਗੁਰੂ ਕੇ ਸਿੱਖ- ਸਿੱਧੂ

Tagsਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਅਤੇ ਬਹਿਬਲ ਕਾਂਡ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੌਤ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਹਿਬਲ ਕਲਾਂ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਉਸ ਸਮੇਂ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਪੰਜਗਰਾਈਂ, ਰਣਜੀਤ ਸਿੰਘ ਬੁਰਜ, ਗ੍ਰੰਥੀ ਗੋਰਾ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਇਸ ਉਪਰੰਤ ਫ਼ਰੀਦਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਸਬਰ ਕਰਨ, ਬਾਦਲਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇਗੀ ਅਤੇ ਮਿਲੇਗੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਸਮੇਂ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਬਣਦੀ ਸਾਰੀ ਕਾਰਵਾਈ ਹੋ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਬੇਅਦਬੀ ਮਾਮਲੇ ਵਿਚ ਸ਼ਾਮਲ ਡੇਰਾ ਸਿਰਸਾ ਮੁਖੀ ਨਾਲ ਅਕਾਲੀ ਦਲ ਦੀ ਵੋਟਾਂ ਕਰ ਕੇ ਨਹੀਂ, ਨੋਟਾਂ ਕਰ ਕੇ ਸਾਂਝ ਕਾਇਮ ਹੋਈ ਅਤੇ ਉਸ ਦੀ ਫ਼ਿਲਮ ਵਿਚੋਂ ਕਥਿਤ ਤੌਰ 'ਤੇ 100 ਕਰੋੜ ਰੁਪਏ ਲੈ ਕੇ ਉਸ ਨੂੰ ਮੁਆਫ਼ੀ ਦਿਵਾਈ ਗਈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਬਹੁਤੇ ਆਗੂ ਵੀ ਇਹ ਸਾਰੇ ਭੇਤ ਖੋਲ੍ਹ ਰਹੇ ਹਨ।ਇਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 'ਹੁਣ ਜਾਂ ਟਾਂਡਿਆਂ ਵਾਲੀ ਹੈਨੀ ਜਾਂ ਭਾਂਡਿਆਂ ਵਾਲੀ ਹੈਨੀ'। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਸਜ਼ਾ ਸਾਡੀ ਸਰਕਾਰ ਬਾਦਲਾਂ ਨੂੰ ਦਿੰਦੀ ਹੈ ਤਾਂ ਉਹ ਹੈਨੀ, ਜੇ ਨਹੀਂ ਦਿੰਦੀ ਤਾਂ ਅਸੀਂ ਹੈਨੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ 'ਚ ਆਈ ਜਾਂਚ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਦਾ ਇਸ ਵਿਚ ਹੱਥ ਸੀ ਅਤੇ ਲੋਕ ਇਹ ਗੱਲ ਜਾਣ ਚੁੱਕੇ ਹਨ।

ਹੁਣ ਲੋਕਾਂ ਦੀ ਕਚਹਿਰੀ ਵਿਚ ਅਕਾਲੀ ਦਲ ਦੇ ਆਗੂਆਂ ਨੂੰ ਪੇਸ਼ ਹੋਣਾ ਹੀ ਪਵੇਗਾ। ਇਸ ਤੋਂ ਪਹਿਲਾਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਪੰਜਾਬ ਪ੍ਰਧਾਨ ਵੱਲੋਂ ਬੇਅਦਬੀ ਮਾਮਲੇ 'ਚ ਕੀਤਾ ਗਿਆ ਦੌਰਾ ਸਫ਼ਲ ਰਿਹਾ ਹੈ।ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਵਚਨਬੱਧ ਹੈ ਅਤੇ ਹਰ ਹਾਲਤ 'ਚ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ। ਪਿੰਡ ਬਹਿਬਲ ਕਲਾਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੌਤ, ਸੁਖਜਿੰਦਰ ਸਿੰਘ ਰੰਧਾਵਾ, ਕੁਸ਼ਲਦੀਪ ਢਿੱਲੋਂ, ਮੁਹੰਮਦ ਸਦੀਕ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਵੋਟਾਂ ਦੀ ਖਾਤਰ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦਾਅ ਉੱਪਰ ਲਾ ਕੇ ਘਿਨਾਉਣਾ ਜੁਰਮ ਕੀਤਾ ਹੈ।

 ਬਾਦਲ ਸਰਕਾਰ ਨੇ ਬੇਅਦਬੀ ਦੇ ਦੋਸ਼ੀ ਲੱਭਣ ਦੀ ਥਾਂ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਸਿੱਖਾਂ ਉੱਪਰ ਹੀ ਅੰਨ੍ਹਾ ਤਸ਼ੱਦਦ ਢਾਹਿਆ।ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਬਾਦਲਾਂ ਨੂੰ ਖੂਬ ਰਗੜੇ ਲਾਉਂਦਿਆਂ ਕਿਹਾ ਕਿ ਬਾਦਲਾਂ ਨੂੰ ਕਾਨੂੰਨ ਰਾਹੀਂ ਜੇਲ ਵਿਚ ਪਹੁੰਚਾਇਆ ਜਾਵੇਗਾ। ਉਸ ਸਮੇਂ ਬਾਦਲ ਸਰਕਾਰ ਨੇ ਰੁਪਿੰਦਰ ਪੰਜਗਰਾਈਂ ਅਤੇ ਜਸਵਿੰਦਰ ਪੰਜਗਰਾਈਂ 'ਤੇ ਤੀਜੀ ਡਿਗਰੀ ਦਾ ਤਸ਼ੱਦਦ ਕਰ ਕੇ ਕਿਹਾ ਕਿ ਬੇਅਦਬੀ ਲਈ ਉਹ ਭਾਈ ਪੰਥਪ੍ਰੀਤ ਜਾਂ ਕਿਸੇ ਹੋਰ ਦਾ ਨਾਂ ਲੈਣ। ਇਸ ਸਮੇਂ ਵਿਧਾਇਕ ਦਰਸ਼ਨ ਸਿੰਘ ਬਾਘਾਪੁਰਾਣਾ, ਕਾਕਾ ਸਿੰਘ ਲੋਹਗੜ੍ਹ, ਰਾਹੁਲ ਸਿੱਧੂ, ਵਿਧਾਇਕ ਬਲਵੀਰ ਸਿੰਘ, ਉਪਿੰਦਰ ਸ਼ਰਮਾ, ਸੂਰਜ ਭਾਰਦਵਾਜ, ਹਿਰਦੇਪਾਲ ਸਿੰਘ ਭਲੂਰੀਆ, ਪਵਨ ਗੋਇਲ, ਪ੍ਰੀਤਪਾਲ ਸਿੰਘ ਭਲੂਰੀਆ, ਸੁਰਜੀਤ ਸਿੰਘ ਬਾਬਾ, ਬੇਅੰਤ ਸਿੰਘ ਬੁਰਜ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।