ਬਾਦਲਾਂ ਦੀ ਰੈਲੀ ਤੇ ਸਿੱਖਾਂ ਨੇ ਘੇਰੇ ਅਕਾਲੀ

Tags

ਫਰੀਦਕੋਟ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਦੂਰ-ਦੂਰ ਤੋਂ ਇਸ ਦਾ ਵਿਰੋਧ ਕਰਨ ਲਈ ਫਰੀਦਕੋਟ ਪਹੁੰਚ ਗਈਆਂ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਮੌਜੂਦ ਪੁਲਸ ਨੇ ਰੋਕ ਲਿਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ‘ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਕਾਂਗਰਸ ਆਪਣੇ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਫੇਲ੍ਹ ਰਹੀ ਹੈ ਅਤੇ ਇਹ ਕਮਿਸ਼ਨ ਸਿਰਫ ਅਤੇ ਸਿਰਫ ਲੋਕਾਂ ਦਾ ਧਿਆਨ ਅਸਲ ਮੁੱਦਿਆਂ ‘ਤੇ ਭਟਕਾਉਣ ਲਈ ਬਣਾਇਆ ਗਿਆ ਹੈ।

ਬਾਦਲ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਇਨ੍ਹਾਂ ਵਿਚ ਨਹੀਂ ਆਉਣਗੇ।ਇਸ ਦੌਰਾਨ ਪੰਥਕ ਜਥੇਬੰਦੀਆਂ ਨੂੰ ਸ਼ਹਿਰ ‘ਚ ਦਾਖਲ ਨਾ ਹੋਣ ਦੇਣ ਲਈ ਕੋਟਕਪੂਰਾ ਰੋਡ ‘ਤੇ ਧਰਨਾ ਲਗਾਇਆ ਗਿਆ ਹੈ ਅਤੇ ਫਰੀਦਕੋਟ ਅਤੇ ਕੋਟਕਪੂਰਾ ਰੋਡ ਜਾਮ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਦਿਕ ਹੁੰਦੇ ਹੋਏ ਫਰੀਦਕੋਟ ਆ ਗਏ ਹਨ।

ਜਾਣਕਾਰੀ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਅਤੇ ਦੂਜੇ ਪਾਸੇ ਬਾਦਲ ਰੈਲੀਆਂ ਕਰਕੇ ਹੁਣ ਸ਼ਹੀਦਾਂ ਦੀਆਂ ਮੜੀਆਂ ਫਰੋਲਣਾ ਚਾਹੁੰਦੇ ਹਨ।ਹਾਈਕੋਰਟ ਦੇ ਹੁਕਮਾਂ ਮੁਤਾਬਕ ਪੁਲਸ ਵਲੋਂ ਰੈਲੀ ਦੀ ਸੁਰੱਖਿਆ ਲਈ ਪੂਰੇ ਇੰਤਜਾਮ ਕੀਤੇ ਗਏ ਹਨ। ਵੱਡੀ ਗਿਣਤੀ ‘ਚ ਪੁਲਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਪ੍ਰਸ਼ਾਸਨ ਵਲੋਂ ਵਿਰੋਧ ਦੇ ਖਦਸ਼ੇ ਦੇ ਮੱਦੇਨਜ਼ਰ ਅਕਾਲੀ ਦਲ ਦੀ ਫਰੀਦਕੋਟ ਰੈਲੀ ‘ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਨੂੰ ਬਾਅਦ ‘ਚ ਹਾਈਕੋਰਟ ਨੇ ਹਟਾ ਦਿੱਤਾ ਸੀ|