ਸਰਦਾਰ ਜੀ ਨੇ ਦੇਖੋ ਕਿਵੇਂ ਬਹਾਦਰੀ ਨਾਲ ਬਚਾਏ 95 ਲੱਖ ਰੁਪਏ

Tags


ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਹਰਬੰਸਪੁਰਾ ਨੇੜੇ ਅੱਜ ਕੁਝ ਲੁਟੇਰਿਆਂ ਵੱਲੋਂ ਬੈਂਕ ਦੀ ਕੈਸ਼ ਵੈਨ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੈਂਕ ਦੇ ਸੁਰੱਖਿਆ ਗਾਰਡ ਦੀ ਨਾਕਾਮ ਕਰ ਦਿੱਤਾ। ਸੁਰੱਖਿਆ ਗਾਰਡ ਵੱਲੋਂ ਆਪਣੀ ਰਾਈਫਲ ਨਾਲ ਕੀਤੇ ਫਾਇਰ ਤੋਂ ਬਾਅਦ ਲੁਟੇਰੇ ਕੈਸ਼ ਵੈਨ ਲੁੱਟੇ ਬਿਨਾਂ ਹੀ ਉੱਥੋਂ ਫਰਾਰ ਹੋ ਗਏ। ਜਦੋਂ ਲੁਟੇਰਿਆਂ ਵੱਲੋਂ ਇਹ ਨਾਕਾਮ ਕੋਸ਼ਿਸ਼ ਕੀਤੀ ਗਈ, ਉਸ ਵੇਲੇ ਕੈਸ਼ ਵੈਨ ਵਿੱਚ ਕਰੀਬ 93 ਲੱਖ ਰੁਪਏ ਮੌਜੂਦ ਸਨ।
ਹਾਸਲ ਜਾਣਕਾਰੀ ਮੁਤਾਬਕ ਅੱਜ ਪੰਜਾਬ ਨੈਸ਼ਨਲ ਬੈਂਕ ਦੀ ਕੈਸ਼ ਵੈਨ ਬਾਬਾ ਬੁੱਢਾ ਸਾਹਿਬ ਵਿੱਚ ਬੈਂਕ ਦੀ ਬ੍ਰਾਂਚ ਲਈ ਕੈਸ਼ ਲੈ ਕੇ ਖਾਸਾ ਤੋਂ ਝਬਾਲ ਵੱਲ ਜਾ ਰਹੀ ਸੀ ਕਿ ਭਕਨਾ ਤੇ ਸਰਾਏ ਅਮਾਨਤ ਖਾਂ ਵਾਲੇ ਰਸਤੇ ਤੇ ਪਿੰਡ ਹਾਰਬੰਸਪੁਰਾ ਨੇੜੇ 6-7 ਅਣਪਛਾਤੇ ਲੁਟੇਰਿਆਂ ਨੇ ਕੈਸ਼ ਵੈਨ ਨੂੰ ਰੋਕਣ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨੂੰ ਦੇਖਦਿਆਂ ਗੱਡੀ ਵਿੱਚ ਮੌਜੂਦ ਸੁਰੱਖਿਆ ਗਾਰਡ ਨੇ ਬਹਾਦਰੀ ਦਿਖਾਈ ਤੇ ਲੁਟੇਰਿਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੁਟੇਰਿਆਂ ਵੱਲੋਂ ਵੀ ਸੁਰੱਖਿਆ ਗਾਰਡ ਉੱਤੇ ਕਈ ਫਾਇਰ ਕੀਤੇ ਗਏ ਪਰ ਗਾਰਡ ਨੂੰ ਕੋਈ ਵੀ ਗੋਲੀ ਨਹੀਂ ਲੱਗੀ।
ਸੁਰੱਖਿਆ ਗਾਰਡ ਵਲੋਂ ਗੋਲੀਆਂ ਚਲਾਉਣ ਤੋਂ ਬਾਅਦ ਸਾਰੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੇ ਲੁਟੇਰੇ ਇੱਕ ਕਾਰ ਤੇ ਮੋਟਰਸਾਈਕਲਾਂ ਤੇ ਸਵਾਰ ਸਨ। ਉਨ੍ਹਾਂ ਵੱਲੋਂ ਇਸ ਕੈਸ਼ ਵੈਨ ਨੂੰ ਲੁੱਟਣ ਲਈ ਕਾਫੀ ਫਾਇਰ ਵੀ ਕੀਤੇ ਗਏ ਪਰ ਸੁਰੱਖਿਆ ਗਾਰਡ ਦੀ ਬਹਾਦਰੀ ਕਰਕੇ ਉਨ੍ਹਾਂ ਨੂੰ ਇੱਥੋਂ ਭੱਜਣ ਲਈ ਮਜਬੂਰ ਹੋਣਾ ਪਿਆ। ਪੁਲਿਸ ਵੱਲੋਂ ਆਸ ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ ਤੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਵਾ ਦਿੱਤੀ ਗਈ ਹੈ।